ਮੁੱਦਕੀ, 13 ਮਈ (ਭਾਰਤ ਭੂਸ਼ਨ ਅਗਰਵਾਲ)-ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਨਿਰਵਿਘਨ ਚੱਲ ਰਹੀ ਕੰਮ ਛੋੜ ਹੜਤਾਲ ਅੱਜ ਅੱਠਵੇਂ ਦਿਨ 'ਚ ਦਾਖ਼ਲ ਹੋ ਗਈ | ਇਸ ਦੌਰਾਨ ਧਰਨੇ 'ਚ ਸ਼੍ਰੋਮਣੀ ਅਕਾਲੀ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ, ਜਤਿੰਦਰ ਸਿੰਘ ਘਾਲੀ ਐਮ.ਸੀ., ਦਵਿੰਦਰ ਕੁਮਾਰ ਪਿੰਕਾ ਐਮ.ਸੀ., ਸੁਖਦੇਵ ਸਿੰਘ ਆਦਿ ਨੇ ਸ਼ਮੂਲੀਅਤ ਕਰਕੇ ਸਫ਼ਾਈ ਸੇਵਕਾਂ ਦੀ ਹਮਾਇਤ ਕੀਤੀ | ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਅਤੇ ਮੁਲਾਜ਼ਮ ਵਰਗ ਨਾਲ ਇਹ ਵਾਅਦੇ ਕੀਤੇ ਗਏ ਸਨ ਕਿ ਜਦੋਂ ਆਮ ਆਦਮੀ ਪਾਰਟੀ ਭਾਵ ਤੁਹਾਡੀ ਸਰਕਾਰ ਸੱਤਾ ਵਿਚ ਆ ਗਈ ਤਾਂ ਕਿਸੇ ਵੀ ਮੁਲਾਜ਼ਮ ਵਰਗ ਨੂੰ ਧਰਨੇ ਨਹੀਂ ਲਾਉਣੇ ਪੈਣਗੇ ਤੇ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੋਵੇਗਾ, ਪਰ ਆਪ ਲੀਡਰਾਂ ਨੇ ਝੂਠੇ ਵਾਅਦੇ ਕਰਕੇ ਸੱਤਾ 'ਤੇ ਕਾਬਜ਼ ਹੋਣ ਮਗਰੋਂ ਮੁਲਾਜ਼ਮ ਵਰਗ ਦੀ ਸਾਰ ਤੱਕ ਨਹੀਂ ਲਈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਸਮੇਂ 'ਚ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਸਤਪਾਲ ਵਾਈਸ ਪ੍ਰਧਾਨ, ਗੁਰਪ੍ਰੀਤ ਸਿੰਘ, ਸੁਰੇਸ਼, ਵਿੱਕੀ, ਸਿਮਰਨ, ਅੰਗਰੇਜ਼ ਸਿੰਘ ਬਰਾੜ, ਤਰਸੇਮ ਸਿੰਘ, ਮੰਗਲ ਸਿੰਘ, ਪ੍ਰਦੀਪ ਸਿੰਘ, ਸੁਨੀਤਾ ਕੌਰ, ਗੋਗੀ ਰਾਣੀ, ਸੁਨੀਲ, ਤਮੰਨਾ, ਸਾਜਨ, ਬੀਨਾ ਰਾਣੀ, ਗੁਰਮੇਲ ਸਿੰਘ, ਸੁਨੀਲ ਕੁਮਾਰ, ਮੁਲਖ ਰਾਜ ਆਦਿ ਹਾਜ਼ਰ ਸਨ |