08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨਗਰ ਕੌਂਸਲ ਚੋਣਾਂ- ਟੁੱਟੀਆਂ ਸੜਕਾਂ ਅਤੇ ਕੂੜੇ ਦੇ ਢੇਰਾਂ ਵਿਚ ਘਿਰਿਆ ਫ਼ਿਰੋਜ਼ਪੁਰ ਸ਼ਹਿਰ

Ad Position 21
No active advertisement
ਅਜੀਤ ਡੈਸਕ 14-05-2026
ਫ਼ਿਰੋਜ਼ਪੁਰ, 13 ਮਈ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਇਕ ਵਾਰ ਫਿਰ ਨਗਰ ਕੌਂਸਲ ਚੋਣਾਂ ਦੀ ਦਹਿਲੀਜ਼ 'ਤੇ ਖੜ੍ਹਾ ਹੈ | 26 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਣੇ ਸੁਭਾਵਿਕ ਹਨ ਪਰ ਦੂਜੇ ਪਾਸੇ ਸ਼ਹਿਰ ਦੇ ਮੌਜੂਦਾ ਹਾਲਾਤ ਕਈ ਗੰਭੀਰ ਸਵਾਲ ਖੜ੍ਹੇ ਕਰ ਰਹੇ ਹਨ | ਟੁੱਟੀਆਂ ਅਤੇ ਖ਼ਸਤਾ-ਹਾਲ ਸੜਕਾਂ, ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਮੱਖੀਆਂ-ਮੱਛਰਾਂ ਦੀ ਭਰਮਾਰ ਅਤੇ ਵਧਦੀ ਗਰਮੀ ਵਿਚ ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਮਜਬੂਰ ਹਨ | ਇਨ੍ਹਾਂ ਹਾਲਤਾਂ ਕਾਰਨ ਸ਼ਹਿਰ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਲਗਾਤਾਰ ਵਧ ਰਿਹਾ ਹੈ | ਹੁਣ ਸਵਾਲ ਇਹ ਉੱਠਦਾ ਹੈ ਕਿ ਫ਼ਿਰੋਜ਼ਪੁਰ ਦੀ ਇਸ ਦੁਰਵਸਥਾ ਲਈ ਜ਼ਿੰਮੇਵਾਰ ਕੌਣ ਹੈ, ਪਿਛਲੇ ਪੰਜ ਸਾਲ ਨਗਰ ਕੌਂਸਲ 'ਤੇ ਕਾਬਜ਼ ਰਹੀ ਕਾਂਗਰਸ ਜਾਂ ਪਿਛਲੇ ਚਾਰ ਸਾਲਾਂ ਤੋਂ ਸੱਤਾ ਸੰਭਾਲ ਰਹੀ ਆਮ ਆਦਮੀ ਪਾਰਟੀ 2021 ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਤਤਕਾਲੀ ਕਾਂਗਰਸੀ ਵਿਧਾਇਕ ਉੱਤੇ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਦਾਖ਼ਲ ਨਾ ਹੋਣ ਦੇਣੇ ਅਤੇ ਰਹਿੰਦੇ ਵਾਰਡਾਂ ਵਿਚ ਆਪਣੇ ਉਮੀਦਵਾਰ ਜਿਤਾਉਣ ਦੇ ਦੋਸ਼ ਲੱਗੇ ਸਨ | ਇਸ ਤੋਂ ਬਾਅਦ ਕੌਂਸਲ ਦੇ ਪਹਿਲੇ ਸਾਲ ਅਤੇ ਚੋਣਾਵੀ ਮਾਹੌਲ ਨੂੰ ਦੇਖਦੇ ਹੋਏ ਸ਼ਹਿਰ ਵਿਚ ਧੜਾਧੜ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਨਾ ਸਿਰਫ਼ ਕਾਂਗਰਸ ਹਾਰ ਗਈ, ਸਗੋਂ 33 ਕੌਂਸਲਰ ਵੀ ਆਪਣੇ ਵਿਧਾਇਕ ਨੂੰ ਮੁੜ ਜਿਤਾਉਣ ਵਿਚ ਨਾਕਾਮ ਰਹੇ | ਜਿਸ ਦੇ ਕਾਰਨ ਲੋਕਾਂ ਤੋਂ ਲੁਕੇ ਹੋਏ ਨਹੀਂ ਹਨ | ਬਾਅਦ ਵਿਚ ਪੰਜਾਬ ਵਿਚ ਸੱਤਾ ਤਬਦੀਲੀ ਹੋਈ ਅਤੇ ਆਮ ਆਦਮੀ ਪਾਰਟੀ ਨੇ ਬਹੁਮਤ ਨਾਲ ਸਰਕਾਰ ਬਣਾਈ | ਫ਼ਿਰੋਜ਼ਪੁਰ ਤੋਂ ਵੀ ਆਪ ਵਿਧਾਇਕ ਚੁਣੇ ਜਾਣ ਨਾਲ ਲੋਕਾਂ ਨੂੰ ਉਮੀਦ ਸੀ ਕਿ ਹੁਣ ਸ਼ਾਇਦ ਸ਼ਹਿਰ ਦਾ ਵਿਕਾਸ ਰਫ਼ਤਾਰ ਫੜੇਗਾ, ਪਰ ਚਾਰ ਸਾਲਾਂ ਦੌਰਾਨ ਨਾ ਤਾਂ ਸੜਕਾਂ ਦੀ ਦਸ਼ਾ ਸੁਧਰੀ ਅਤੇ ਨਾ ਹੀ ਸ਼ਹਿਰ ਵਾਸੀਆਂ ਨੂੰ ਕੋਈ ਵੱਡੀ ਸਹੂਲਤ ਮਿਲ ਸਕੀ | ਉਲਟਾ ਸੜਕਾਂ ਦੀ ਹਾਲਤ ਹੋਰ ਵੀ ਬਦਤਰ ਹੋ ਗਈ ਅਤੇ ਬੁਨਿਆਦੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਰਹੀਆਂ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੋਕ ਆਪਣੇ ਵਾਰਡਾਂ ਦੇ ਵਿਕਾਸ ਲਈ ਕੌਂਸਲਰ ਚੁਣਦੇ ਹਨ ਪਰ ਪਿਛਲੇ ਪੰਜ ਸਾਲਾਂ ਦੌਰਾਨ ਕੌਂਸਲਰ ਸੱਤਾ ਦਾ ਸੁੱਖ ਭੋਗ ਕੇ ਚਲੇ ਗਏ ਅਤੇ ਆਪਣੇ ਵਾਰਡਾਂ ਦੇ ਵਿਕਾਸ ਲਈ ਕੋਈ ਖ਼ਾਸ ਯੋਗਦਾਨ ਨਹੀਂ ਦੇ ਸਕੇ | ਲੋਕਾਂ ਦੇ ਮੁਤਾਬਿਕ ਨਗਰ ਕੌਂਸਲ ਕੋਲ ਫ਼ੰਡਾਂ ਦੀ ਵੀ ਕਮੀ ਨਹੀਂ ਸੀ ਪਰ ਉੱਪਰ-ਹੇਠਾਂ ਆਪਾ ਵਿਰੋਧੀ ਪਾਰਟੀਆਂ ਹੋਣ ਕਾਰਨ ਸਿਆਸੀ ਲਾਹੇ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਿਆ | ਹੁਣ ਇਕ ਵਾਰ ਫਿਰ ਨਗਰ ਕੌਂਸਲ ਚੋਣਾਂ ਦੇ ਮੌਕੇ 'ਤੇ ਸ਼ਹਿਰ ਵਾਸੀਆਂ ਨੂੰ ਉਮੀਦ ਜਾਗੀ ਹੈ | ਕਿਉਂਕਿ ਇਹ ਚੋਣਾਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਬੁਨਿਆਦ ਵੀ ਮੰਨੀਆਂ ਜਾ ਰਹੀਆਂ ਹਨ, ਇਸ ਲਈ ਹਰ ਸਿਆਸੀ ਪਾਰਟੀ ਵਲੋਂ ਵਿਕਾਸ ਦੇ ਵਾਅਦੇ ਕੀਤੇ ਜਾਣੇ ਲਾਜ਼ਮੀ ਹਨ ਪਰ ਇਸ ਵਾਰ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਹੋ ਕੇ ਫ਼ੈਸਲਾ ਕਰਨ ਦੀ ਲੋੜ ਹੈ ਤਾਂ ਜੋ ਸਿਰਫ਼ ਸਿਆਸੀ ਲਾਹੇ ਲਈ ਨਹੀਂ ਸਗੋਂ ਸ਼ਹਿਰ ਦੇ ਅਸਲ ਵਿਕਾਸ ਅਤੇ ਬੁਨਿਆਦੀ ਸਹੂਲਤਾਂ ਲਈ ਕੰਮ ਕਰਨ ਵਾਲੇ ਨੁਮਾਇੰਦੇ ਚੁਣੇ ਜਾ ਸਕਣ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਅੱਠਵੇਂ ਦਿਨ 'ਚ ਸ਼ਾਮਿਲ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਸੰਬੰਧੀ ਅਹਿਮ ਮੀਟਿੰਗ ਆਯੋਜਿਤ, ਪਾਰਟੀ ਨੂੰ ਮਜ਼ਬੂਤ ਕਰਨ ਲਈ ਬਣਾਈ ਰਣਨੀਤੀ
Ad Position 24