24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

'ਭਾਰਤ ਨੂੰ ਜਾਣੋ' ਸਕੀਮ ਤਹਿਤ ਹਿਮਾਚਲ ਤੋਂ ਆਏ ਵਿਦਿਆਰਥੀਆਂ ਨੇ ਵੇਖੀ ਫ਼ਿਰੋਜ਼ਪੁਰ ਦੀ ਅਮੀਰ ਵਿਰਾਸਤ

Ad Position 21
No active advertisement
ਅਜੀਤ ਡੈਸਕ 17-05-2026
ਫ਼ਿਰੋਜ਼ਪੁਰ, 16 ਮਈ (ਗੁਰਿੰਦਰ ਸਿੰਘ)-ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦਾ ਇਤਿਹਾਸਕ ਸ਼ਹਿਰ ਫ਼ਿਰੋਜ਼ਪੁਰ ਹੁਣ ਆਪਣੀ ਅਮੀਰ ਵਿਰਾਸਤ ਅਤੇ ਸ਼ਹੀਦੀ ਇਤਿਹਾਸ ਕਰਕੇ ਵਿਸ਼ਵ ਪੱਧਰ 'ਤੇ ਖ਼ਾਸ ਪਹਿਚਾਣ ਬਣਾਉਣ ਵੱਲ ਵਧ ਰਿਹਾ ਹੈ | ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਟੂਰ ਹੁਣ ਲਗਾਤਾਰ ਫ਼ਿਰੋਜ਼ਪੁਰ ਦੀਆਂ ਇਤਿਹਾਸਕ ਧਰੋਹਰਾਂ ਨੂੰ ਵੇਖਣ ਲਈ ਪਹੁੰਚ ਰਹੇ ਹਨ | ਭਾਰਤ ਸਰਕਾਰ ਦੀ 'ਭਾਰਤ ਨੂੰ ਜਾਣੋ' ਸਕੀਮ ਤਹਿਤ ਨੌਜਵਾਨ ਪੀੜ੍ਹੀ ਨੂੰ ਦੇਸ਼ ਦੇ ਸ਼ਾਨਦਾਰ ਇਤਿਹਾਸ ਅਤੇ ਵਿਰਾਸਤ ਨਾਲ ਜੋੜਨ ਲਈ ਕਰਵਾਏ ਜਾ ਰਹੇ ਦੌਰਿਆਂ ਵਿਚ ਫ਼ਿਰੋਜ਼ਪੁਰ ਇਕ ਮਹੱਤਵਪੂਰਨ ਕੇਂਦਰ ਬਣਦਾ ਜਾ ਰਿਹਾ ਹੈ | ਇਸੇ ਤਹਿਤ ਬੀਤੇ ਦਿਨ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਵਿਦਿਆਰਥੀ ਅਤੇ ਅਧਿਆਪਕ ਡਾ. ਅਮਰੀਕ ਸਿੰਘ ਸ਼ੇਰ ਖ਼ਾਂ ਦੀ ਅਗਵਾਈ ਹੇਠ ਫ਼ਿਰੋਜ਼ਪੁਰ ਪਹੁੰਚੇ | ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ Tਬਿਗਨਿੰਗ ਆਫ਼ ਭਾਰਤੀ ਰੇਲਵੇUਸਥਾਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਭਾਰਤੀ ਰੇਲਵੇ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਯਾਦਗਾਰੀ ਤਸਵੀਰਾਂ ਖਿਚਵਾ ਕੇ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ | ਇਸ ਤੋਂ ਬਾਅਦ ਵਿਦਿਆਰਥੀਆਂ ਦਾ ਕਾਫ਼ਲਾ ਹੁਸੈਨੀਵਾਲਾ ਸ਼ਹੀਦੀ ਸਮਾਰਕ ਪਹੁੰਚਿਆ, ਜਿੱਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧੀਆਂ 'ਤੇ ਸ਼ਰਧਾ ਦੇ ਫ਼ੁਲ ਭੇਟ ਕਰਕੇ ਉਨ੍ਹਾਂ ਦੀ ਕੁਰਬਾਨੀ ਨੂੰ ਨਮਨ ਕੀਤਾ ਗਿਆ | ਵਿਦਿਆਰਥੀਆਂ ਨੂੰ ਬਟੂਕੇਸ਼ਵਰ ਦੱਤ ਅਤੇ ਪੰਜਾਬ ਮਾਤਾ ਵਿੱਦਿਆ ਵੰਤੀ ਦੇ ਜੀਵਨ ਅਤੇ ਦੇਸ਼ ਪ੍ਰਤੀ ਯੋਗਦਾਨ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਹੁਸੈਨੀਵਾਲਾ ਤੋਂ ਬਾਅਦ ਵਿਦਿਆਰਥੀਆਂ ਵਿਚ ਸਾਰਾਗੜ੍ਹੀ ਸਮਾਰਕ ਦੇ ਦਰਸ਼ਨ ਕਰਨ ਲਈ ਖ਼ਾਸ ਉਤਸ਼ਾਹ ਦੇਖਣ ਨੂੰ ਮਿਲਿਆ | ਅਕਸ਼ੈ ਕੁਮਾਰ ਅਭਿਨੀਤ ਫ਼ਿਲਮ 'ਕੇਸਰੀ' ਰਾਹੀਂ ਸਾਰਾਗੜ੍ਹੀ ਦੇ ਸ਼ੂਰਵੀਰ ਸਿੱਖ ਸੈਨਿਕਾਂ ਦੀ ਬਹਾਦਰੀ ਤੋਂ ਪ੍ਰਭਾਵਿਤ ਵਿਦਿਆਰਥੀ ਇਸ ਇਤਿਹਾਸਕ ਅਸਥਾਨ ਨੂੰ ਨੇੜੇ ਤੋਂ ਵੇਖਣ ਲਈ ਬਹੁਤ ਉਤਸੁਕ ਸਨ | ਗੁਰਦੁਆਰਾ ਸਾਰਾਗੜ੍ਹੀ ਪਹੁੰਚ ਕੇ ਉਨ੍ਹਾਂ ਨੇ ਸਾਰਾਗੜ੍ਹੀ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ | ਇਸ ਮੌਕੇ ਗੁਰਦੁਆਰਾ ਸਾਰਾਗੜ੍ਹੀ ਦੇ ਮੁੱਖ ਗ੍ਰੰਥੀ ਭਾਈ ਬਿਲੰਬਰ ਸਿੰਘ ਨੇ ਵਿਦਿਆਰਥੀਆਂ ਨੂੰ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ, 21 ਸਿੱਖ ਜਵਾਨਾਂ ਦੀ ਅਦੁੱਤੀ ਸ਼ਹਾਦਤ ਅਤੇ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ | ਵਿਦਿਆਰਥੀਆਂ ਨੇ ਇਤਿਹਾਸ ਨਾਲ ਜੁੜੀਆਂ ਅਨਮੋਲ ਜਾਣਕਾਰੀਆਂ ਪ੍ਰਾਪਤ ਕਰਦਿਆਂ ਆਪਣੇ ਆਪ ਨੂੰ ਮਾਣਵਾਨ ਮਹਿਸੂਸ ਕੀਤਾ | ਇਸ ਦੌਰਾਨ ਵਿਦਿਆਰਥੀਆਂ ਨਾਲ ਹਿਮਾਚਲ ਪ੍ਰਦੇਸ਼ ਤੋਂ ਆਏ ਅਧਿਆਪਕ ਸਵਰਾਜ ਸਿੰਘ ਘੁਲਾਲ, ਮੈਡਮ ਸ਼ਕੁੰਤਲਾ ਦੇਵੀ, ਮੈਡਮ ਰਚਨਾ ਦੇਵੀ ਅਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਨਦਾਰ ਅੰਕ ਹਾਸਿਲ ਕਰਨ ਵਾਲੀਆਂ ਵਿਦਿਆਰਥਣਾਂ ਦਾ ਭਾਵਿਪ ਵਲੋਂ ਸਨਮਾਨ ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਗਵਰਨਰ ਅਤੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ
Ad Position 24