ਫ਼ਿਰੋਜ਼ਪੁਰ, 20 ਮਈ (ਕੁਲਬੀਰ ਸਿੰਘ ਸੋਢੀ)-ਹਲਕਾ ਸ਼ਹਿਰੀ ਅਧੀਨ ਆਉਂਦੀ ਨਗਰ ਕੌਂਸਲ ਦੀਆਂ ਚੋਣਾਂ ਬੜੇ ਜ਼ੋਰ ਸ਼ੋਰ ਨਾਲ ਹੋ ਰਹੀਆਂ ਹਨ 'ਤੇ ਉਮੀਦਵਾਰਾਂ ਵਲੋਂ ਆਪਣੇ ਸਮਰਥਕਾਂ ਨਾਲ ਲੋਕਾਂ ਨੂੰ ਆਪਣੇ ਹੱਕ ਵਿਚ ਭੁਗਤਣ ਲਈ ਅਪੀਲ ਕੀਤੀ ਜਾ ਰਹੀ ਹੈ | ਇੱਥੇ ਦੱਸਣਾ ਅਹਿਮ ਹੈ ਕਿ ਇਨ੍ਹਾਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੀ ਜਿੱਤ ਆਉਂਦੀਆਂ ਵਿਧਾਨ ਸਭਾ 2027 ਦੀਆਂ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਦੀ ਸਥਿਤੀ ਨੂੰ ਸਪਸ਼ਟ ਕਰਨਗੀਆਂ | ਦੇਖਣ ਵਿਚ ਆਇਆ ਹੈ ਕਿ ਸਮੂਹ ਰਾਜਨੀਤਕ ਪਾਰਟੀਆਂ ਦੇ ਲੀਡਰ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲੱਗ ਰਹੇ ਹਨ, ਪਰ ਆਪ ਦੇ ਅਹੁਦੇਦਾਰ 'ਤੇ ਆਗੂ ਪਾਰਟੀ ਦੀਆ ਲੋਕ-ਹਿਤ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾ ਕੇ ਇਕ ਮੌਕਾ ਦੇਣ ਦਾ ਹੋਕਾ ਦੇ ਰਹੇ ਹਨ, ਕਿਉਂਕਿ ਮੌਜੂਦਾ ਸਰਕਾਰ ਦੇ ਸਮੇਂ ਵਿਚ ਆਪ ਉਮੀਦਵਾਰਾਂ ਦਾ ਪਹਿਲਾ ਇਲੈੱਕਸ਼ਨ ਹੈ | ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਵਾਰਡ ਨੰਬਰ 24 ਤੋਂ ਆਪ ਉਮੀਦਵਾਰ ਨਰੇਸ਼ ਕੁਮਾਰ ਦੇ ਦਫ਼ਤਰ ਦਾ ਉਦਘਾਟਨ ਕੀਤਾ 'ਤੇ ਹਾਜ਼ਰ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਦਿੱਤੀਆਂ ਗਰੰਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਵਿਚੋਂ ਭਿ੍ਸ਼ਟਾਚਾਰ ਨੂੰ ਖ਼ਤਮ ਕਰਕੇ ਲੋਕ-ਹਿਤ ਫ਼ੈਸਲਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈ | ਵਿਧਾਇਕ ਭੁੱਲਰ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਕੋਲ ਲੋਕਾਂ ਕੋਲ ਜਾਣ ਲਈ ਕੋਈ ਮੁੱਦਾ ਨਹੀਂ ਰਿਹਾ, ਕਿਉਂਕਿ ਰਵਾਇਤੀ ਪਾਰਟੀਆਂ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਪ੍ਰੇਸ਼ਾਨ ਹੋਣ ਕਰਕੇ ਨਕਾਰ ਚੁੱਕੇ ਹਨ | ਉਨ੍ਹਾਂ ਕਿਹਾ ਕਿ ਲੋਕ ਵੀ ਵਿਕਾਸ 'ਤੇ ਹੋਰਨਾਂ ਮੁੱਦਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਨਵੇਂ ਚਿਹਰੇ ਨੂੰ ਚੁਣ ਕੇ ਆਪਣੇ ਇਲਾਕੇ ਦਾ ਵਿਕਾਸ ਕਰਵਾਉਣ ਨੂੰ ਪਹਿਲ ਦੇਣ ਬਾਰੇ ਮਨ ਬਣਾ ਚੁੱਕੇ ਹਨ | ਉਨ੍ਹਾਂ ਵਾਰਡ ਨੰਬਰ 24 'ਤੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਆਪਣਾ ਕੀਮਤੀ ਵੋਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰੇਸ਼ ਕੁਮਾਰ ਨੂੰ ਪਾ ਕੇ ਕਾਮਯਾਬ ਕਰੋ, ਤਾਂਕਿ ਤੁਹਾਡੇ ਇਲਾਕੇ ਦੇ ਰਹਿੰਦੇ ਵਿਕਾਸ ਕਾਰਜ ਪੂਰੇ ਹੋ ਸਕਣ | ਉਮੀਦਵਾਰ ਨਰੇਸ਼ ਕੁਮਾਰ ਨੇ ਹਾਜ਼ਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵਾਰਡ ਅਤੇ ਸ਼ਹਿਰ ਵਾਸੀਆਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿਣਗੇ | ਇਸ ਮੌਕੇ ਯੂਥ ਵਿੰਗ ਸੂਬਾ ਸਕੱਤਰ ਹਰਮੀਤ ਸਿੰਘ ਖਾਈ, ਨੇਕ ਪ੍ਰਤਾਪ ਸਿੰਘ ਬਾਵਾ, ਹਿਮਾਂਸ਼ੂ ਠੱਕਰ, ਗਗਨ ਕੁਮਾਰ ਗੱਗੀ, ਹਰਜੀਤ ਸਿੰਘ 'ਤੇ ਵੱਡੀ ਸੰਖਿਆ ਵਿਚ ਸਮਰਥਕ ਹਾਜ਼ਰ ਸਨ |