ਗੁਰੂਹਰਸਹਾਏ, 21 ਮਈ (ਕਪਿਲ ਕੰਧਾਰੀ)-ਸ਼ਰੀਂਹ ਵਾਲਾ ਰੋਡ ਨੇੜੇ ਸਥਿਤ ਰਾਜ ਰਾਈਸ ਮਿਲ ਸ਼ੈਲਰ ਵਿਚ ਵੀਰਵਾਰ ਦੁਪਹਿਰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਅੱਗ ਲੱਗਣ ਨਾਲ ਸ਼ੈਲਰ ਵਿਚ ਪਿਆ ਹਜ਼ਾਰਾਂ ਦੀ ਗਿਣਤੀ ਵਿਚ ਨਵਾਂ ਖ਼ਾਲੀ ਬਾਰਦਾਣਾ ਸੜ ਕੇ ਸੁਆਹ ਹੋ ਗਿਆ | ਜਿਸ ਕਾਰਨ ਮਿਲ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ | ਹਾਲਾਂਕਿ ਸਮੇਂ ਸਿਰ ਫਾਇਰ ਬਿ੍ਗੇਡ ਅਤੇ ਮਜ਼ਦੂਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ | ਜਿਸ ਨਾਲ ਵੱਡਾ ਹਾਦਸਾ ਟੱਲ ਗਿਆ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਰਾਈਸ ਮਿਲ ਦੇ ਮਾਲਕ ਬੁੜ ਚੰਦ ਕਪੂਰ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਅਚਾਨਕ ਸ਼ੈਲਰ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ | ਅੱਗ ਨੇ ਕੁੱਝ ਹੀ ਸਮੇਂ ਵਿਚ ਉੱਥੇ ਪਿਆ ਨਵਾਂ ਖ਼ਾਲੀ ਗੱਟਾ ਬਾਰਦਾਣਾ ਆਪਣੀ ਲਪੇਟ ਵਿਚ ਲੈ ਲਿਆ | ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਾ ਕਾਰਨ ਇਲਾਕੇ ਵਿਚ ਹੜਕੰਪ ਮੱਚ ਗਿਆ | ਉਨ੍ਹਾਂ ਦੱਸਿਆ ਕਿ ਘਟਨਾ ਦੀ ਤੁਰੰਤ ਸੂਚਨਾ ਫਾਇਰ ਬਿ੍ਗੇਡ ਨੂੰ ਦਿੱਤੀ ਗਈ | ਜਿਸ ਤੋਂ ਬਾਅਦ ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਜਲਾਲਾਬਾਦ ਤੋਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ | ਉਨ੍ਹਾਂ ਨੇ ਦੱਸਿਆ ਕਿ ਫਾਇਰ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਮਿਲ ਮਾਲਕ ਨੇ ਕਿਹਾ ਕਿ ਗ਼ਨੀਮਤ ਇਹ ਰਹੀ ਕਿ ਅੱਗ ਸ਼ੈਲਰ ਦੇ ਹੋਰ ਹਿੱਸਿਆਂ ਤੱਕ ਨਹੀਂ ਫੈਲੀ | ਜੇਕਰ ਅੱਗ ਚਾਵਲ, ਝੋਨੇ ਅਤੇ ਹੋਰ ਸਟਾਕ ਤੱਕ ਪਹੁੰਚ ਜਾਂਦੀ ਤਾਂ ਕਰੋੜਾਂ ਰੁਪਏ ਦਾ ਵੱਡਾ ਨੁਕਸਾਨ ਹੋ ਸਕਦਾ ਸੀ | ਉਨ੍ਹਾਂ ਨੇ ਦੱਸਿਆ ਕਿ ਸ਼ੈਲਰ ਵਿਚ ਕੰਮ ਕਰ ਰਹੀ ਲੇਬਰ ਅਤੇ ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਬੁਝਾਉਣ ਵਿਚ ਵੱਡੀ ਮਦਦ ਕੀਤੀ | ਜਿਸ ਨਾਲ ਹਾਲਾਤ ਕਾਬੂ ਵਿਚ ਆ ਸਕੇ | ਅੱਗ ਕਾਰਨ ਸੜ ਕੇ ਸੁਆਹ ਹੋਏ ਬਾਰਦਾਣੇ ਅਤੇ ਹੋਰ ਸਮਾਨ ਨੂੰ ਜੇ.ਸੀ.ਬੀ ਮਸ਼ੀਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ | ਘਟਨਾ ਤੋਂ ਬਾਅਦ ਇਲਾਕੇ ਵਿਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਉਦਯੋਗਿਕ ਇਕਾਈਆਂ ਵਿਚ ਅੱਗ ਬੁਝਾਊ ਪ੍ਰਬੰਧ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ |