ਫ਼ਿਰੋਜ਼ਪੁਰ, 23 ਮਈ (ਕੁਲਬੀਰ ਸਿੰਘ ਸੋਢੀ)-26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸਮੂਹ ਪਾਰਟੀਆਂ ਦੇ ਆਗੂਆਂ 'ਤੇ ਅਹੁਦੇਦਾਰਾਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਹਨੇਰੀ ਲਿਆਂਦੀ ਹੋਈ ਹੈ | ਜਿਨ੍ਹਾਂ ਵਲੋਂ ਘਰ-ਘਰ ਪਹੁੰਚ ਕਰਕੇ ਆਪਣੇ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਦੇ ਨਾਲ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ | ਇਸੇ ਲੜੀ ਦੇ ਚੱਲਦੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਵਾਰਡ ਨੰਬਰ 2 ਤੋਂ 'ਆਪ' ਦੇ ਉਮੀਦਵਾਰ ਪਰਮਜੀਤ ਸਿੰਘ ਵੜੈਚ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਅਤੇ ਵਿਸ਼ਵਾਸ ਦਿੱਤਾ ਕਿ ਪਰਮਵੀਰ ਸਿੰਘ ਹਮੇਸ਼ਾ ਤੁਹਾਡੀ ਸੇਵਾ ਵਿਚ ਹਾਜ਼ਰ ਰਹੇਗਾ 'ਤੇ ਵਾਰਡ ਦੀ ਨੁਹਾਰ ਬਦਲਣ ਲਈ ਕੰਮ ਕਰੇਗਾ | ਉਨ੍ਹਾਂ ਕਿਹਾ ਕਿ ਤੁਸੀਂ ਆਪਣਾ ਕੀਮਤੀ ਵੋਟ ਪਰਮਵੀਰ ਸਿੰਘ ਨੂੰ ਦੇ ਕੇ ਕਾਮਯਾਬ ਕਰੋ, ਵਾਰਡ ਨੂੰ ਵਿਕਾਸ ਪੱਖੋਂ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ | ਭੁੱਲਰ ਨੇ ਕਿਹਾ ਕਿ ਕਾਂਗਰਸ ਨੇ ਪਿਛਲੇ ਪੰਜ ਸਾਲ ਨਗਰ ਕੌਂਸਲ 'ਤੇ ਰਾਜ ਕੀਤਾ ਪਰ ਸ਼ਹਿਰ ਦੀਆਂ ਸਮੱਸਿਆਵਾਂ ਓਵੇਂ ਦੀਆਂ ਓਵੇਂ ਹਨ, ਜਿਨ੍ਹਾਂ ਵਿਚ ਸੁਧਾਰ ਨਹੀਂ ਹੋਇਆ | ਵਿਧਾਇਕ ਭੁੱਲਰ ਨੇ ਕਿਹਾ ਕਿ ਜੇਕਰ ਤੁਸੀਂ 'ਆਪ' ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜੋਗੇ ਤਾਂ ਤੁਹਾਨੂੰ ਭਿ੍ਸ਼ਟਾਚਾਰ ਮੁਕਤ ਮਾਹੌਲ ਮਿਲੇਗਾ ਅਤੇ ਜਨਤਾ ਦੇ ਕੰਮ ਬਿਨਾਂ ਕਿਸੇ ਰਿਸ਼ਵਤਖ਼ੋਰੀ ਦੇ ਹੋਣਗੇ | ਭੁੱਲਰ ਨੇ ਅੱਗੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਉਹ ਪੂਰੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਨੂੰ ਸਹੂਲਤਾਂ ਦਿੰਦੀ ਹੈ ਅਤੇ ਦੇ ਰਹੀ ਹੈ | ਜਿਸ ਦੀ ਮਿਸਾਲ ਬਿਜਲੀ ਦੇ ਫ਼ਰੀ 600 ਯੂਨਿਟ, ਬੱਸਾਂ ਵਿਚ ਮਹਿਲਾਵਾਂ ਲਈ ਫ਼ਰੀ ਸਫ਼ਰ, 10 ਲੱਖ ਸਿਹਤ ਬੀਮਾ ਕਾਰਡ ਯੋਜਨਾ ਹੈ | ਉਨ੍ਹਾਂ ਵਾਰਡ ਦੇ ਲੋਕਾਂ ਨੂੰ ਅਪੀਲ ਦਿੰਦੇ ਹੋਏ ਕਿਹਾ ਕਿ ਆਪਣੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਸਾਫ਼ ਸੁਥਰਾ ਮਾਹੌਲ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰੋ | ਇਸ ਮੌਕੇ ਵੱਡੀ ਸੰਖਿਆ ਵਿਚ ਵਾਰਡ ਦੇ ਲੋਕ ਹਾਜ਼ਰ ਸਨ |