ਮੁੱਦਕੀ, 25 ਮਈ (ਭਾਰਤ ਭੂਸ਼ਨ ਅਗਰਵਾਲ)-ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਦਿਨ ਪ੍ਰਤੀ ਦਿਨ ਕੀਤੇ ਜਾ ਰਹੇ ਵਾਧੇ 'ਤੇ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਭੁੱਚੋ ਕਾ ਐਮ.ਸੀ. ਅਤੇ ਨਿਮਰਤ ਸਿੰਘ ਸੰਧੂ ਭੁੱਚੋ ਕਾ ਸੀਨੀਅਰ ਯੂਥ ਅਕਾਲੀ ਆਗੂ ਨੇ ਕਿਹਾ ਕਿ ਤੇਲ ਕੰਪਨੀਆਂ ਵਲੋਂ ਵਾਰ-ਵਾਰ ਤੇਲ ਦੀਆਂ ਕੀਮਤਾਂ ਵਧਾਉਣ ਨਾਲ ਮਹਿੰਗਾਈ ਹੋਰ ਵਧੇਗੀ 'ਤੇ ਉਪਭੋਗਤਾਵਾਂ ਦੀ ਜੇਬ 'ਤੇ ਵੱਡੀ ਮਾਰ ਪਵੇਗੀ | ਉਨ੍ਹਾਂ ਕਿਹਾ ਕਿ ਤੇਲ ਕੰਪਨੀਆਂ ਨੇ 15 ਮਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 3-3 ਰੁਪਏ ਦਾ ਵਾਧਾ ਕੀਤਾ ਸੀ, ਇਸ ਤੋਂ ਬਾਅਦ 19 ਮਈ ਨੂੰ 90 ਪੈਸੇ ਪ੍ਰਤੀ ਲੀਟਰ, ਫਿਰ ਸ਼ਨੀਵਾਰ ਨੂੰ 87 ਪੈਸੇ ਹੋਰ ਵਾਧਾ ਕੀਤਾ ਗਿਆ ਸੀ ਅਤੇ ਹੁਣ ਚੌਥੀ ਵਾਰ 25 ਮਈ ਨੂੰ ਪੈਟਰੋਲ ਦੀਆਂ ਕੀਮਤਾਂ 'ਚ 2.61 ਪੈਸੇ 'ਤੇ ਡੀਜ਼ਲ ਦੀਆਂ ਕੀਮਤਾਂ 'ਚ 2.71 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ | ਇਸ ਤਰ੍ਹਾਂ ਲਗਾਤਾਰ ਚਾਰ ਵਾਧੇ ਤੋਂ ਬਾਅਦ ਤੇਲ ਦੀਆਂ ਕੀਮਤਾਂ 'ਚ ਹੁਣ ਤੱਕ 7.50 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ | ਜਿਸ ਨਾਲ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ ਝੱਲਣੀ ਪੈ ਰਹੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਤੇਲ ਦੀਆਂ ਵਾਰ-ਵਾਰ ਵੱਧ ਰਹੀਆਂ ਕੀਮਤਾਂ 'ਤੇ ਕੰਟਰੋਲ ਕਰੇ ਨਹੀਂ ਤਾਂ ਮਹਿੰਗਾਈ ਬਹੁਤ ਵੱਧ ਜਾਵੇਗੀ, ਜਿਸ ਨਾਲ ਜ਼ਰੂਰੀ ਵਸਤਾਂ ਦੇ ਭਾਅ ਬਹੁਤ ਵੱਧ ਜਾਣਗੇ ਅਤੇ ਹਰ ਵਿਅਕਤੀ ਦੀ ਜੇਬ 'ਤੇ ਵੱਡਾ ਆਰਥਿਕ ਬੋਝ ਪਵੇਗਾ |