ਮੁੱਦਕੀ, 25 ਮਈ (ਭਾਰਤ ਭੂਸ਼ਨ ਅਗਰਵਾਲ)-ਕਸਬਾ ਮੁੱਦਕੀ ਵਿਖੇ ਮਰਦਮਸ਼ੁਮਾਰੀ ਦਾ ਕੰਮ ਬੜੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ | ਡਿਊਟੀ 'ਤੇ ਲੱਗੀਆਂ ਸਰਕਾਰੀ ਅਧਿਆਪਕਾਵਾਂ ਅੱਤ ਦੀ ਗਰਮੀ ਵਿਚ ਦਿਨ ਚੜ੍ਹਦੇ ਸਾਰ ਘਰੋ-ਘਰੀ ਜਾ ਕੇ ਜਨਗਣਨਾ ਕਰ ਰਹੀਆਂ ਹਨ | ਤਨਦੇਹੀ ਨਾਲ ਕੰਮ ਕਰਦੀਆਂ ਇਨ੍ਹਾਂ ਅਧਿਆਪਕਾਵਾਂ ਵਲੋਂ ਹਰ ਇਕ ਘਰ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰੀ ਰਿਕਾਰਡ ਸਹੀ ਤਰੀਕੇ ਨਾਲ ਨੇਪਰੇ ਚੜ੍ਹ ਸਕੇ | ਇਸ ਮੌਕੇ ਮੁੱਦਕੀ ਦੇ ਵਾਰਡ ਨੰਬਰ 3 ਦੀ ਮਰਦਮਸ਼ੁਮਾਰੀ ਕਰ ਰਹੀ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮੁੱਦਕੀ ਦੀ ਕੰਪਿਊਟਰ ਅਧਿਆਪਕਾ ਸ੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਇਸ ਜਨਗਣਨਾ ਦਾ ਰਿਕਾਰਡ ਸਰਕਾਰੀ ਐਪ 'ਤੇ ਚੜ੍ਹਾਇਆ ਜਾਣਾ ਹੈ ਤਾਂ ਜੋ ਸਰਕਾਰ ਨੂੰ ਹਰੇਕ ਪਰਿਵਾਰ, ਪਿੰਡ ਅਤੇ ਨਗਰ ਦਾ ਸਹੀ ਆਂਕੜਾ ਪ੍ਰਾਪਤ ਹੋ ਸਕੇ |