ਫ਼ਿਰੋਜ਼ਪੁਰ, 25 ਮਈ (ਗੁਰਿੰਦਰ ਸਿੰਘ)-ਜ਼ਿਲ੍ਹਾ ਐਮੇਚਿਓਰ ਵੁਸ਼ੂ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ 10ਵੀਂ ਜ਼ਿਲ੍ਹਾ ਫ਼ਿਰੋਜ਼ਪੁਰ ਵੁਸ਼ੂ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਚੈਂਪੀਅਨਸ਼ਿਪ-2026 ਦਾ ਆਯੋਜਨ ਸਕੂਲ ਆਫ਼ ਐਮੀਨੈਂਸ, ਫ਼ਿਰੋਜ਼ਪੁਰ ਵਿਖੇ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਕੀਤਾ ਗਿਆ | ਇਸ ਚੈਂਪੀਅਨਸ਼ਿਪ ਵਿਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਅਤੇ ਕਲੱਬਾਂ ਦੇ ਲਗਭਗ 72 ਖਿਡਾਰੀਆਂ ਨੇ ਭਾਗ ਲਿਆ | ਟੂਰਨਾਮੈਂਟ ਦਾ ਉਦਘਾਟਨ ਮੋਹਿਤ ਗਰਗ, ਡਾਇਰੈਕਟਰ ਸ਼ਾਂਤੀ ਵਿੱਦਿਆ ਮੰਦਰ ਵਲੋਂ ਕੀਤਾ ਗਿਆ ਜਦੋਂ ਕਿ ਇਨਾਮ ਵੰਡ ਸਮਾਰੋਹ ਮੌਕੇ ਡਾ. ਸਤਿੰਦਰ ਸਿੰਘ, ਨੈਸ਼ਨਲ ਅਵਾਰਡੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮੁੱਖ ਮਹਿਮਾਨ ਅਤੇ ਸੁਨੀਲ ਸ਼ਰਮਾ ਸੇਵਾਮੁਕਤ ਡਿਪਟੀ ਡਾਇਰੈਕਟਰ, ਖੇਡਾਂ, ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਆਪਣੇ ਸੰਬੋਧਨ ਦੌਰਾਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਟੁੱਟ ਹਿੱਸਾ ਹਨ | ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਾਨਸਿਕ ਮਜ਼ਬੂਤੀ, ਅਨੁਸ਼ਾਸਨ, ਟੀਮ ਵਰਕ ਅਤੇ ਆਤਮ ਵਿਸ਼ਵਾਸ ਨੂੰ ਵੀ ਵਿਕਸਿਤ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਰਗਰਮ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਜੀਵਨ ਦੇ ਹਰ ਖੇਤਰ ਵਿਚ ਸਫਲਤਾ ਪ੍ਰਾਪਤ ਕਰ ਸਕਣ | ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਮੁੱਖ ਕੋਚ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਖਿਡਾਰੀਆਂ ਵਲੋਂ ਬਿਹਤਰੀਨ ਤਕਨੀਕੀ ਦਾਅਵਾ ਅਤੇ ਉੱਚ ਪੱਧਰੀ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ ਗਿਆ | ਟੀਮ ਨਤੀਜਿਆਂ ਵਿਚ ਸ਼ਾਂਤੀ ਵਿੱਦਿਆ ਮੰਦਰ ਸਕੂਲ ਨੇ ਪਹਿਲਾ ਸਥਾਨ, ਕੇ-10 ਮਾਰਸ਼ਲ ਆਰਟਸ ਐਂਡ ਫਿਟਨੈੱਸ ਕਲੱਬ ਦੂਜੇ ਅਤੇ ਮਾਤਾ ਸਾਹਿਬ ਕੌਰ ਸਕੂਲ ਨੇ ਤੀਜੇ ਸਥਾਨ 'ਤੇ ਕਬਜ਼ਾ ਕੀਤਾ | ਉਨ੍ਹਾਂ ਦੱਸਿਆ ਕਿ ਸੋਨ ਤਗਮਾ ਜੇਤੂ ਖਿਡਾਰੀ ਸਟੇਟ ਵੁਸ਼ੂ ਚੈਂਪੀਅਨਸ਼ਿਪ 2026 ਵਿਚ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਨੁਮਾਇੰਦਗੀ ਕਰਨਗੇ | ਇਸ ਮੌਕੇ ਜੇਤੂ ਖਿਡਾਰੀਆਂ ਅਤੇ ਸਹਿਯੋਗੀ ਕੋਚਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਚੈਂਪੀਅਨਸ਼ਿਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿਚ ਸਕੂਲ ਦੇ ਪਿ੍ੰਸੀਪਲ ਰਜੇਸ਼ ਮਹਿਤਾ ਅਤੇ ਸਟਾਫ ਦਾ ਵਿਸ਼ੇਸ਼ ਯੋਗਦਾਨ ਰਿਹਾ |ਸਮਾਗਮ ਦੌਰਾਨ ਮੁੱਖ ਇੰਸਟਰਕਟਰ ਕਿ੍ਸ਼ਨ ਕੁਮਾਰ, ਖ਼ਜ਼ਾਨਚੀ ਪਾਰੁਲ ਮਹਿਤਾ, ਡਿੰਪਲ ਰਾਣੀ, ਵਿਸ਼ਾਲ ਕੰਬੋਜ, ਕੋਚ ਸ਼ਿਵਮ, ਕੋਚ ਜਸ਼ਨਦੀਪ ਸਿੰਘ, ਕੋਚ ਸਾਹਿਲ, ਕੋਚ ਬਲਵੀਰ ਅਤੇ ਕੋਚ ਖ਼ੁਸ਼ੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ |