ਜ਼ੀਰਾ,26 ਮਈ (ਰਜਨੀਸ਼ ਕਥੂਰੀਆ)-ਨਗਰ ਕੌਂਸਲ ਚੋਣਾਂ ਦੇ ਦਰਮਿਆਨ ਅੱਜ ਜੰਗਲਾਤ ਦਫਤਰ ਜ਼ੀਰਾ ਵਿਖੇ ਵਾਰਡ ਨੰਬਰ 9 ਦੇ ਪੋਲਿੰਗ ਬੂਥ ਨੰਬਰ 1 'ਤੇ ਵੋਟ ਪਾਉਣ ਤੋਂ ਰੋਕਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ | ਜਿਸ ਦੌਰਾਨ ਆਮ ਆਦਮੀ ਪਾਰਟੀ ਦਾ 1 ਵਰਕਰ ਜ਼ਖਮੀ ਹੋ ਗਿਆ | ਸਿਵਲ ਹਸਪਤਾਲ ਜ਼ੀਰਾ ਵਿਖੇ ਇਲਾਜ ਅਧੀਨ ਸਤੀਸ਼ ਕੁਮਾਰ ਉਰਫ਼ ਮੱਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਰਡ ਨੰਬਰ 9 ਤੋਂ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਸਮਰਥਕ ਜੰਗਲਾਤ ਦਫਤਰ ਜ਼ੀਰਾ ਵਿਖੇ ਪੋਲਿੰਗ ਬੂਥ ਨੰਬਰ ਇੱਕ ਤੇ ਸ਼ਾਮ ਕਰੀਬ 5 ਵਜੇ ਮੋਬਾਈਲ ਫੋਨ ਵਿਚ ਆਈ,.ਡੀ.ਪਰੂਫ਼ ਦੇ ਆਧਾਰ ਤੇ ਵੋਟ ਭੁਗਤਾ ਰਹੇ ਸਨ ਅਤੇ ਇਸੇ ਦਰਮਿਆਨ ਸਾਡੀ ਪਾਰਟੀ ਦੀ ਇਕ ਮਹਿਲਾ ਸਮਰਥਕ ਵੀ ਵੋਟ ਪਾਉਣ ਲਈ ਆ ਗਈ | ਜਿਸ ਦੇ ਵੀ ਮੋਬਾਈਲ ਵਿਚ ਉਸ ਦਾ ਆਈ,.ਡੀ.ਪਰੂਫ਼ ਸੀ | ਉਸ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਸਮਰਥਕਾਂ ਨੇ ਉਸ ਨੂੰ ਵੋਟ ਪਾਉਣ ਤੋਂ ਮਨਾ ਕਰ ਦਿੱਤਾ ਤਾਂ ਮੈਂ ਉਹਨਾਂ ਦੀ ਵਿਰੋਧਤਾ ਕੀਤੀ ਤਾਂ ਉਨਾਂ ਨੇ ਲੋਹੇ ਦੀਆਂ ਪਾਈਪਾਂ ਨਾਲ ਮੇਰੀ ਕੁੱਟਮਾਰ ਕੀਤੀ ਜਿਸ ਦੌਰਾਨ ਮੇਰੇ ਨੱਕ ਤੇ ਸੱਟ ਲੱਗਣ ਤੋਂ ਇਲਾਵਾ ਸਰੀਰ ਤੇ ਵੀ ਗੁੱਝੀਆਂ ਸੱਟਾਂ ਲੱਗੀਆਂ | ਇਸ ਦੌਰਾਨ ਵਿਧਾਇਕ ਨਰੇਸ਼ ਕਟਾਰੀਆ ਨੇ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚ ਕੇ ਜ਼ਖਮੀ ਸਤੀਸ਼ ਕੁਮਾਰ ਉਰਫ਼ ਮੱਟੀ ਦਾ ਹਾਲ- ਚਾਲ ਜਾਣਿਆ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਉਣ ਦਾ ਦਾਅਵਾ ਕੀਤਾ |