ਜੀਰਾ, 26 ਮਈ(ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਪੰਜਾਬ ਵਿੱਚ ਪਈਆਂ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਅੱਜ ਜ਼ੀਰਾ ਵਿਖੇ ਵੋਟਾਂ ਪਾਉਣ ਦਾ ਕਾਰਜ ਇਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹ ਗਿਆ | ਪ੍ਰਸ਼ਾਸਨ ਵਲੋਂ ਕੀਤੇ ਗਏ ਪੁਖ਼ਤਾ ਇੰਤਜ਼ਾਮਾਂ ਸਦਕਾ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਵਰਣਨ ਯੋਗ ਹੈ ਕਿ ਜ਼ੀਰਾ ਵਿਚ ਪਿਛਲੀਆਂ ਦੋ ਨਗਰ ਕੌਂਸਲ ਚੋਣਾਂ ਦੌਰਾਨ ਸੱਤਾਧਾਰੀ ਪਾਰਟੀਆਂ ਵਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਾਗ਼ਜ਼ਾਂ ਨੂੰ ਖ਼ਾਰਜ ਕਰਕੇ ਆਪਣੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਐਮ.ਸੀ ਬਣਾਇਆ ਜਾਂਦਾ ਸੀ | ਇਸ ਵਾਰ 10 ਸਾਲਾਂ ਬਾਅਦ ਜੀਰਾ ਵਿਚ ਹੋਏ ਮਤਦਾਨ ਵਿਚ 67,6% ਫ਼ੀਸਦੀ ਦੇ ਕਰੀਬ ਪੋਲਿੰਗ ਦਰਜ ਕੀਤੀ ਗਈ | ਗਰਮੀ ਤੋਂ ਬਚਣ ਲਈ ਵੋਟਿੰਗ ਸ਼ੁਰੂ ਹੁੰਦਿਆਂ ਹੀ ਵੱਖ-ਵੱਖ ਪੋਲਿੰਗ ਬੂਥਾਂ 'ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ | ਇਨ੍ਹਾਂ ਵੋਟਾਂ ਦੌਰਾਨ ਨੌਜਵਾਨਾਂ, ਬਜ਼ੁਰਗਾਂ ਅਤੇ ਮਹਿਲਾ ਵੋਟਰਾਂ ਨੇ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ | ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਪੀਣ ਵਾਲੇ ਪਾਣੀ ਚਾਹ ਰੋਟੀ ਅਤੇ ਛਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ | ਇਸ ਦੌਰਾਨ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ,ਹਲਕਾ ਵਿਧਾਇਕ ਨਰੇਸ਼ ਕਟਾਰੀਆ, ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਵਲੋਂ ਵੱਖ-ਵੱਖ ਬੂਥਾਂ ਤੇ ਜਾ ਕੇ ਆਪਣੇ ਉਮੀਦਵਾਰਾਂ ਦਾ ਹੌਸਲਾ ਵਧਾਉਂਦੇ ਨਜ਼ਰ ਆਏ ਸਥਿਤੀ ਤੇ ਨਜ਼ਰ ਰੱਖਣ ਲਈ ਸਿਟੀ ਥਾਣਾ ਜ਼ੀਰਾ ਦੇ ਐਸ.ਐਚ.ਓ ਗੁਰਜੰਟ ਸਿੰਘ ਸਦਰ ਥਾਣਾ ਜ਼ੀਰਾ ਦੇ ਐਸ ਐਚ ਓ ਗੁਰਵਿੰਦਰਪਾਲ ਤੋਂ ਇਲਾਵਾ ਐਸ.ਐਸ.ਪੀ ਫ਼ਿਰੋਜਪੁਰ ਭੁਪਿੰਦਰ ਸਿੰਘ ਨੇ ਵੱਖ-ਵੱਖ ਬੂਥਾਂ ਤੇ ਜਾ ਕੇ ਸਥਿਤੀ ਦਾ ਜਾਇਜਾ ਲੈਂਦੇ ਦੇਖੇ ਗਏ | ਇਸ ਦੇ ਬਾਵਜੂਦ ਕੁਝ ਪੋਲਿੰਗ ਬੂਥਾਂ ਤੋਂ ਮਾਮੂਲੀ ਬਹਿਸ ਬਾਜ਼ੀ ਅਤੇ ਛੁਟਪੁਟ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ, ਪਰ ਮੌਕੇ 'ਤੇ ਤਾਇਨਾਤ ਪੁਲਿਸ ਫੋਰਸ ਅਤੇ ਸੁਰੱਖਿਆ ਕਰਮਚਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਸਥਿਤੀ ਨੂੰ ਤੁਰੰਤ ਕੰਟਰੋਲ ਵਿਚ ਕਰ ਲਿਆ | ਕਿਸੇ ਵੀ ਥਾਂ ਤੋਂ ਕੋਈ ਵੱਡੀ ਅਣਸੁਖਾਵੀਂ ਘਟਨਾ ਜਾਂ ਹਿੰਸਾ ਦੀ ਰਿਪੋਰਟ ਨਹੀਂ ਮਿਲੀ | ਇਸ ਦੌਰਾਨ ਜ਼ੀਰਾ ਦੇ ਰਿਟਰਨਿੰਗ ਅਫਸਰ ਲਛਮਣ ਸਿੰਘ ਐਸ.ਡੀ.ਐਮ ਜ਼ੀਰਾ ਨੇ ਦੱਸਿਆ ਕਿ ਜ਼ੀਰਾ ਸ਼ਹਿਰ ਦੇ 17 ਵਾਰਡ ਵਿਚ ਚੋਣਾਂ ਲਈ 31 ਬੂਥ ਬਣਾਏ ਗਏ ਸਨ | ਜਿੰਨਾ ਵਿਚ 87 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 9224 ਮਰਦ ਅਤੇ 8509 ਅÏਰਤਾਂ ਨੇ ਵੋਟਿੰਗ ਕਰਕੇ ਡੱਬਿਆਂ ਵਿਚ ਬੰਦ ਕੀਤਾ | ਇਨਾ ਵੋਟਾਂ ਨੂੰ ਨੇਪਰੇ ਚਾੜਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜ਼ੀਰਾ ਹਲਕੇ ਦੇ ਸਮੂਹ ਵੋਟਰਾਂ, ਚੋਣ ਅਮਲੇ ਅਤੇ ਸੁਰੱਖਿਆ ਬਲਾਂ ਦਾ ਧੰਨਵਾਦ ਕੀਤਾ | ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਚੋਣ ਅਮਲ ਅਮਨ-ਚੈਨ ਨਾਲ ਮੁਕੰਮਲ ਹੋ ਸਕਿਆ |