ਫਿਰੋਜ਼ਪੁਰ, 26 ਮਈ (ਰਕੇਸ਼ ਚਾਵਲਾ, ਸੁਖਵਿੰਦਰ ਸਿੰਘ)-ਨਗਰ ਕੌਂਸਲ ਚੋਣਾਂ ਦੌਰਾਨ ਇਸ ਵਾਰ ਨਵੀਂ ਵਾਰਡਬੰਦੀ ਨੇ ਚੋਣ ਮਾਹੌਲ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ | 33 ਵਾਰਡਾਂ ਵਿਚ ਕੀਤੀ ਗਈ ਨਵੀਂ ਹੱਦਬੰਦੀ ਕਾਰਨ ਵੋਟਰਾਂ ਅਤੇ ਉਮੀਦਵਾਰਾਂ ਦੋਵਾਂ ਨੂੰ ਦਿਨ ਭਰ ਭਾਰੀ ਉਲਝਣ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ | ਕਈ ਵੋਟਰਾਂ ਨੂੰ ਆਪਣਾ ਪੋਲਿੰਗ ਬੂਥ ਲੱਭਣ ਵਿਚ ਹੀ ਅੱਧਾ ਦਿਨ ਲੱਗ ਗਿਆ | ਜਦਕਿ ਬਹੁਤ ਸਾਰੇ ਉਮੀਦਵਾਰ ਆਪਣੇ ਨਵੇਂ ਜੋੜੇ ਗਏ ਇਲਾਕਿਆਂ ਦੇ ਵੋਟਰਾਂ ਤੱਕ ਹੀ ਨਹੀਂ ਪਹੁੰਚ ਸਕੇ | ਜਾਣਕਾਰੀ ਅਨੁਸਾਰ ਨਵੀਂ ਵਾਰਡਬੰਦੀ ਤਹਿਤ ਕਈ ਗਲੀਆਂ, ਮੁਹੱਲਿਆਂ ਅਤੇ ਰਿਹਾਇਸ਼ੀ ਖੇਤਰਾਂ ਨੂੰ ਪੁਰਾਣੇ ਵਾਰਡਾਂ ਤੋਂ ਹਟਾ ਕੇ ਹੋਰ ਵਾਰਡਾਂ ਨਾਲ ਜੋੜ ਦਿੱਤਾ ਗਿਆ | ਇਸ ਬਦਲਾਅ ਕਾਰਨ ਲੋਕਾਂ ਵਿੱਚ ਭਰਮ ਦੀ ਸਥਿਤੀ ਬਣੀ ਰਹੀ | ਕਈ ਵੋਟਰਾਂ ਨੂੰ ਇਹ ਤੱਕ ਪਤਾ ਨਹੀਂ ਸੀ ਕਿ ਹੁਣ ਉਨ੍ਹਾਂ ਦੀ ਵੋਟ ਕਿਸ ਵਾਰਡ ਵਿੱਚ ਸ਼ਾਮਲ ਕੀਤੀ ਗਈ ਹੈ | ਰਵਾਇਤੀ ਤੌਰ ਤੇ ਪਿਛਲੀਆਂ ਚੋਣਾਂ ਵਿੱਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਘਰ-ਘਰ ਜਾ ਕੇ ਵੋਟ ਪਰਚੀਆਂ ਵੰਡੀਆਂ ਜਾਂਦੀਆਂ ਸਨ | ਜਿਸ ਨਾਲ ਵੋਟਰਾਂ ਨੂੰ ਆਪਣੇ ਬੂਥ ਅਤੇ ਵੋਟ ਨੰਬਰ ਬਾਰੇ ਪੂਰੀ ਜਾਣਕਾਰੀ ਮਿਲ ਜਾਂਦੀ ਸੀ | ਪਰ ਇਸ ਵਾਰ ਨਾ ਤਾਂ ਵੱਡੇ ਪੱਧਰ ਤੇ ਵੋਟ ਪਰਚੀਆਂ ਵੰਡੀਆਂ ਗਈਆਂ ਅਤੇ ਨਾ ਹੀ ਕਈ ਥਾਵਾਂ ਤੇ ਬੀ.ਐਲ.ਓ ਵਲੋਂ ਸਮੇਂ ਸਿਰ ਵੋਟਰਾਂ ਤੱਕ ਪਹੁੰਚ ਕੀਤੀ ਗਈ | ਨਵੀਂ ਵਾਰਡਬੰਦੀ ਕਾਰਨ ਕਈ ਉਮੀਦਵਾਰਾਂ ਲਈ ਵੀ ਹਾਲਾਤ ਚੁਣੌਤੀਪੂਰਨ ਰਹੇ | ਨਵੇਂ ਸ਼ਾਮਲ ਕੀਤੇ ਗਏ ਇਲਾਕਿਆਂ ਦੇ ਵੋਟਰਾਂ ਨਾਲ ਉਨ੍ਹਾਂ ਦਾ ਪਹਿਲਾਂ ਕੋਈ ਸਿੱਧਾ ਰਾਬਤਾ ਨਹੀਂ ਸੀ, ਜਿਸ ਕਰਕੇ ਉਹ ਵੋਟਰਾਂ ਤੱਕ ਆਪਣੀ ਪਹੁੰਚ ਬਣਾਉਣ ਵਿੱਚ ਕਾਫ਼ੀ ਪਿੱਛੇ ਰਹੇ | ਕਈ ਥਾਵਾਂ ਤੇ ਉਮੀਦਵਾਰ ਖੁਦ ਲੋਕਾਂ ਨੂੰ ਪੁੱਛਦੇ ਨਜ਼ਰ ਆਏ ਕਿ ਉਨ੍ਹਾਂ ਦੀ ਵੋਟ ਕਿਸ ਬੂਥ ਵਿੱਚ ਹੈ | ਇਸ ਸਥਿਤੀ ਦਾ ਸਿੱਧਾ ਅਸਰ ਵੋਟਿੰਗ ਪ੍ਰਤੀਸ਼ਤ ਤੇ ਵੀ ਵੇਖਣ ਨੂੰ ਮਿਲਿਆ | ਕਈ ਵੋਟਰ ਜਾਣਕਾਰੀ ਦੀ ਘਾਟ ਅਤੇ ਗਰਮੀ ਕਾਰਨ ਘਰਾਂ ਤੋਂ ਨਿਕਲੇ ਹੀ ਨਹੀਂ, ਜਦਕਿ ਕਈਆਂ ਨੂੰ ਆਪਣੇ ਬੂਥਾਂ ਦਾ ਪਤਾ ਕਰਦੇ-ਕਰਦੇ ਦੁਪਹਿਰ ਹੋ ਗਈ | ਲਗਭਗ ਹਰ ਬੂਥ ਤੇ ਲੋਕਾਂ ਵਿੱਚ ਉਲਝਣ ਵਾਲਾ ਮਾਹੌਲ ਦੇਖਣ ਨੂੰ ਮਿਲਿਆ | ਹੁਣ ਸਭ ਦੀਆਂ ਨਜ਼ਰਾਂ ਚੋਣ ਨਤੀਜਿਆਂ ਤੇ ਟਿਕੀਆਂ ਹੋਈਆਂ ਹਨ ਕਿ ਨਵੀਂ ਵਾਰਡਬੰਦੀ ਨਾਲ ਬਣੀ ਇਸ ਸਥਿਤੀ ਦਾ ਲਾਭ ਕਿਸ ਉਮੀਦਵਾਰ ਨੂੰ ਮਿਲਦਾ ਹੈ ਅਤੇ ਕਿਹੜਿਆਂ ਨੂੰ ਇਸ ਦਾ ਸਿਆਸੀ ਨੁਕਸਾਨ ਝੱਲਣਾ ਪੈਂਦਾ ਹੈ |