11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਜ਼ਿਲ੍ਹੇ ਭਰ ਵਿਚ ਨਗਰ ਕੌਂਸਲ ਚੋਣਾਂ ਵਿਚ ਸੁਚੱਜੇ ਅਤੇ ਸ਼ਾਂਤਮਈ ਢੰਗ ਦੇ ਨਾਲ ਪਈਆਂ ਵੋਟਾਂ

Ad Position 21
No active advertisement
ਅਜੀਤ ਡੈਸਕ 27-05-2026
ਫਿਰੋਜ਼ਪੁਰ, 26 ਮਈ (ਰਕੇਸ਼ ਚਾਵਲਾ, ਸੁਖਵਿੰਦਰ ਸਿੰਘ, ਕੁਲਬੀਰ ਸਿੰਘ ਸੋਢੀ)-ਨਗਰ ਕੌਂਸਲ ਚੋਣਾਂ ਦੌਰਾਨ ਇਕ ਪਾਸੇ ਲੋਕਾਂ ਵਿਚ ਲੋਕਤੰਤਰ ਪ੍ਰਤੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਹੀ ਦੂਜੇ ਪਾਸੇ ਤਪਦੀ ਗਰਮੀ ਨੇ ਵੋਟਰਾਂ ਦੀਆਂ ਮੁਸ਼ਕਲਾਂ ਵੀ ਵਧਾ ਦਿੱਤੀਆਂ | ਸਵੇਰ ਤੋਂ ਹੀ ਸ਼ਹਿਰ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਮਹਿਲਾਵਾਂ, ਨੌਜਵਾਨਾਂ ਅਤੇ ਬਜ਼ੁਰਗਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆਈਆਂ | ਲੋਕਾਂ ਨੇ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਅਤੇ ਲੋਕਤੰਤਰ ਦੇ ਇਸ ਮਹਾਂ ਤਿਉਹਾਰ ਵਿੱਚ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ | ਜ਼ਮੀਨੀ ਪੱਧਰ 'ਤੇ ਕੀਤੀ ਕਵਰੇਜ ਦੌਰਾਨ ਕਈ ਬੂਥਾਂ 'ਤੇ ਵੋਟਰਾਂ ਨੂੰ ਤਪਦੀ ਧੁੱਪ ਵਿਚ ਲੰਮਾ ਸਮਾਂ ਖੜ੍ਹਾ ਰਹਿਣਾ ਪਿਆ | ਪੋਲਿੰਗ ਬੂਥਾਂ ਤੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਖ਼ਾਸ ਕਰਕੇ ਬਜ਼ੁਰਗਾਂ ਅਤੇ ਮਹਿਲਾਵਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਵੋਟਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਵੱਡੇ-ਵੱਡੇ ਦਾਅਵੇ ਤਾਂ ਕੀਤੇ ਗਏ ਸਨ ਕਿ ਸਾਰੇ ਪ੍ਰਬੰਧ ਮੁਕੰਮਲ ਹਨ, ਪਰ ਮੌਕੇ 'ਤੇ ਹਾਲਾਤ ਇਸਦੇ ਉਲਟ ਨਜ਼ਰ ਆਏ | ਦੁਪਹਿਰ ਸਮੇਂ ਤਾਪਮਾਨ ਵੱਧਣ ਨਾਲ ਕਈ ਬੂਥਾਂ 'ਤੇ ਵੋਟਿੰਗ ਦੀ ਰਫ਼ਤਾਰ ਹੌਲੀ ਹੋ ਗਈ | ਕਈ ਲੋਕ ਗਰਮੀ ਕਾਰਨ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਕਤਰਾਉਂਦੇ ਨਜ਼ਰ ਆਏ | ਜਿਸ ਦਾ ਅਸਰ ਵੋਟਿੰਗ ਪ੍ਰਤੀਸ਼ਤ 'ਤੇ ਵੀ ਸਾਫ਼ ਤੌਰ 'ਤੇ ਵੇਖਣ ਨੂੰ ਮਿਲਿਆ | ਇਸਦੇ ਬਾਵਜੂਦ ਵੋਟਰਾਂ ਦਾ ਜੋਸ਼ ਘੱਟ ਨਹੀਂ ਹੋਇਆ ਗਰਮੀ ਦੇ ਬਾਵਜੂਦ ਵੀ ਪੋਲਿੰਗ ਬੂਥਾਂ ਤੇ ਵੋਟਿੰਗ ਸ਼ਾਂਤਮਈ ਢੰਗ ਦੇ ਨਾਲ ਹੋਈ | ਲੋਕਾਂ ਨੇ ਕਿਹਾ ਕਿ ਚਾਹੇ ਮੌਸਮ ਕਿੰਨਾ ਵੀ ਗਰਮ ਹੋਵੇ, ਉਹ ਆਪਣੇ ਸ਼ਹਿਰ ਦੇ ਭਵਿੱਖ ਲਈ ਆਪਣੀ ਵੋਟ ਜ਼ਰੂਰ ਪਾਉਣਗੇ | ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਮੌਸਮ ਕੁਝ ਹੱਦ ਤੱਕ ਅਨੁਕੂਲ ਹੁੰਦਾ ਤਾਂ ਇਸ ਵਾਰ ਵੋਟਿੰਗ ਪ੍ਰਤੀਸ਼ਤ ਹੋਰ ਵੱਧ ਹੋ ਸਕਦਾ ਸੀ | ਹੁਣ ਸਭ ਦੀਆਂ ਨਜ਼ਰਾਂ ਚੋਣ ਨਤੀਜਿਆਂ 'ਤੇ ਟਿਕੀਆਂ ਹਨ ਕਿ ਗਰਮੀ ਕਾਰਨ ਘੱਟ ਹੋਈ ਵੋਟਿੰਗ ਦਾ ਅਸਰ ਕਿਸ ਪਾਰਟੀ ਦੇ ਹੱਕ ਜਾਂ ਵਿਰੋਧ ਵਿਚ ਜਾਂਦਾ ਹੈ | ਨਗਰ ਕੌਂਸਲ ਚੋਣਾਂ ਦੌਰਾਨ ਪੈ ਰਹੀ ਤਿੱਖੀ ਗਰਮੀ ਵਿਚ ਵੋਟ ਪਾਉਣ ਆਏ ਬਜ਼ੁਰਗ ਵੋਟਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਆਰ.ਐਸ.ਡੀ ਕਾਲਜ ,ਸਕੂਲ ਅਤੇ ਅਲੱਗ ਅਲੱਗ ਥਾਵਾਂ ਤੇ ਬਣੇ ਪੋਲਿੰਗ ਬੂਥ 'ਤੇ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਬਜ਼ੁਰਗਾਂ ਨੇ ਦੱਸਿਆ ਕਿ ਨਾ ਤਾਂ ਬੈਠਣ ਲਈ ਕੁਰਸੀਆਂ ਦਾ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਕੀਤਾ ਗਿਆ ਅਤੇ ਨਾ ਹੀ ਧੁੱਪ ਤੋਂ ਬਚਾਅ ਲਈ ਕੋਈ ਚਾਨਣੀ ਜਾਂ ਟੈਂਟ ਲਗਾਇਆ ਗਿਆ ਹੈ | ਅਪਾਹਜ ਵੋਟਰਾਂ ਦੇ ਲਈ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਉਹਨਾਂ ਨੂੰ ਵੀ ਆਪਣੇ ਨਿੱਜੀ ਵਾਹਨਾਂ ਤੇ ਹੀ ਪੋਲਿੰਗ ਬੂਥ ਤੱਕ ਪਹੁੰਚਣਾ ਪਿਆ | ਵੋਟਰਾਂ ਦਾ ਕਹਿਣਾ ਸੀ ਕਿ ਉਹ ਤਪਦੀ ਧੁੱਪ ਵਿਚ ਖੜ੍ਹ ਕੇ ਆਪਣੀ ਵੋਟ ਪਾਉਣ ਲਈ ਮਜਬੂਰ ਹਨ, ਜਦਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਵੋਟਿੰਗ ਕੇਂਦਰਾਂ 'ਤੇ ਸਾਰੇ ਪ੍ਰਬੰਧ ਮੁਕੰਮਲ ਹੋਣਗੇ | ਲੋਕਾਂ ਨੇ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਗਰਮੀ ਨੂੰ ਦੇਖਦਿਆਂ ਬਜ਼ੁਰਗਾਂ ਅਤੇ ਮਹਿਲਾਵਾਂ ਲਈ ਵਧੀਆ ਸਹੂਲਤਾਂ ਹੋਣੀਆਂ ਚਾਹੀਦੀਆਂ ਸਨ |
Ad Position 22
No active advertisement
ਪਿਛਲੀ ਖ਼ਬਰ ਨਵੀਂ ਵਾਰਡਬੰਦੀ ਨੇ ਪਾਇਆ ਚੋਣਾਂ ਵਿਚ ਭਰਮ ਅਗਲੀ ਖ਼ਬਰ ਤਲਵੰਡੀ ਭਾਈ 66 ਫ਼ੀਸਦੀ ਮਤਦਾਨ, 56 ਉਮੀਦਵਾਰਾਂ ਦੀ ਕਿਸਮਤ ਹੋਈ ਬਕਸਿਆਂ 'ਚ ਬੰਦ
Ad Position 24