ਜ਼ੀਰਾ, 26 ਮਈ(ਰਜਨੀਸ਼ ਕਥੂਰੀਆ) -10 ਸਾਲ ਬਾਅਦ ਨਗਰ ਕੌਂਸਲ ਚੋਣਾਂ ਵਿਚ ਵੋਟ ਪਾਉਣ ਦਾ ਅਧਿਕਾਰ ਮਿਲਣ ਤੇ ਸ਼ਹਿਰ ਵਾਸੀ ਖ਼ੁਸ਼ ਨਜ਼ਰ ਆ ਰਹੇ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਸ਼ੰਕਰ ਕਟਾਰੀਆ ਨੇ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ 10 ਸਾਲ ਦੇ ਸਮੇਂ ਦੌਰਾਨ ਸਮੇਂ ਦੀਆਂ ਸਰਕਾਰਾਂ ਦੇ ਆਗੂਆਂ ਨੇ ਨਗਰ ਕੌਂਸਲ ਚੋਣਾਂ ਕਰਵਾਉਣ ਦੀ ਬਜਾਏ ਲੋਕਤੰਤਰ ਦਾ ਘਾਣ ਕਰਦਿਆਂ ਸਿੱਧੇ ਹੀ ਆਪਣੀ ਪਾਰਟੀ ਦੇ ਐਮ.ਸੀ. ਚੁਣ ਕੇ ਸ਼ਹਿਰ ਵਾਸੀਆਂ ਤੇ ਥਾਪ ਦਿੱਤੇ ਜਾਂਦੇ ਰਹੇ | ਜਿਸ ਕਾਰਨ ਸ਼ਹਿਰ ਵਾਸੀਆਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਸੀ | ਸ਼ੰਕਰ ਕਟਾਰੀਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਪਹਿਲਾਂ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਆਮ ਆਦਮੀ ਪਾਰਟੀ ਵੀ ਧੱਕਾ ਕਰਕੇ ਸਿੱਧੇ ਤੌਰ ਤੇ ਆਪਣੇ ਐਮ.ਸੀ.ਚੁਣੇਗੀ ਪਰ ਸਾਡੀ ਪਾਰਟੀ ਨੇ ਕੁਝ ਵੀ ਅਜਿਹਾ ਨਹੀਂ ਕੀਤਾ | ਸ਼ੰਕਰ ਕਟਾਰੀਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਲੋਂ ਖੜੇ ਕੀਤੇ ਜਾ ਰਹੇ ਕਈ ਤਰਾਂ ਦੇ ਸ਼ੰਕਿਆਂ ਦੇ ਉਲਟ ਸਾਡੀ ਪਾਰਟੀ ਵਲੋਂ ਪਾਰਦਰਸ਼ੀ ਢੰਗ ਨਾਲ ਸਾਰੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਅਤੇ ਇੱਥੋਂ ਤੱਕ ਕਿ ਆਜ਼ਾਦ ਉਮੀਦਵਾਰਾਂ ਨੂੰ ਵੀ ਚੋਣ ਲੜਨ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ | ਕਿਸੇ ਵੀ ਉਮੀਦਵਾਰ ਦੇ ਨਜਾਇਜ਼ ਤੌਰ 'ਤੇ ਨਾਮਜ਼ਦਗੀ ਪੱਤਰ ਰੱਦ ਨਹੀਂ ਕੀਤੇ ਗਏ | ਉਹਨਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਲੋਕਤੰਤਰ ਦੀ ਬਹਾਲੀ ਤੋਂ ਸ਼ਹਿਰ ਵਾਸੀਆਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਵੋਟਰ ਬੜੇ ਸ਼ਾਂਤੀ ਪੂਰਵਕ ਮਾਹੌਲ ਵਿਚ ਆਪਣੇ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ | ਸ਼ੰਕਰ ਕਟਾਰੀਆ ਨੇ ਕਿਹਾ ਕਿ ਮੈਨੂੰ ਵਿਰੋਧੀ ਪਾਰਟੀਆਂ ਦੇ ਕਈ ਆਗੂਆਂ ਨੇ ਵੀ ਪਾਰਦਰਸ਼ੀ ਢੰਗ ਨਾਲ ਵੋਟਾਂ ਪਵਾਉਣ ਤੇ ਵਧਾਈ ਦਿੱਤੀ ਹੈ | ਇਸ ਮੌਕੇ ਤੇ ਸ਼ੰਕਰ ਕਟਾਰੀਆ ਦੇ ਨਾਲ ਸੰਗਠਨ ਸਕੱਤਰ ਰੌਕੀ ਕਥੂਰੀਆ ਆਦਿ ਆਪ ਵਰਕਰ ਹਾਜ਼ਰ ਸਨ |