ਫਿਰੋਜ਼ਪੁਰ, 26 ਮਈ(ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਨਿਰੰਤਰ ਅਤੇ ਨਵਿਆਉਣ ਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੀ 'ਪ੍ਰਧਾਨ ਮੰਤਰੀ ਸੂਰਜ ਘਰ ਯੋਜਨਾ' ਦੇ ਅਧੀਨ ਰੇਲਵੇ ਸਟੇਸ਼ਨਾਂ 'ਤੇ ਵੱਡੇ ਪੱਧਰ 'ਤੇ ਰੂਫਟਾਪ ਸੋਲਰ ਪਾਵਰ ਸਿਸਟਮ ਸਥਾਪਿਤ ਕੀਤੇ ਜਾ ਰਹੇ ਹਨ | ਇਹ ਪਹਿਲਕਦਮੀ ਭਾਰਤੀ ਰੇਲਵੇ ਦੀ ਵਾਤਾਵਰਣ-ਅਨੁਕੂਲ, ਊਰਜਾ-ਕੁਸ਼ਲ ਅਤੇ ਹਰਿਤ (ਗਰੀਨ) ਆਵਾਜਾਈ ਪ੍ਰਣਾਲੀ ਵਿਕਸਿਤ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ | ਮੌਜੂਦਾ ਸਮੇਂ ਵਿਚ ਫ਼ਿਰੋਜ਼ਪੁਰ ਮੰਡਲ ਦੇ 22 ਰੇਲਵੇ ਸਟੇਸ਼ਨਾਂ 'ਤੇ ਰੂਫਟਾਪ ਸੋਲਰ ਪਾਵਰ ਸਿਸਟਮ ਸਫਲਤਾਪੂਰਵਕ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਕੁੱਲ ਸਥਾਪਿਤ ਸਮਰੱਥਾ 846 ਕਿੱਲੋਵਾਟ ਹੈ | ਇਸ ਤੋਂ ਇਲਾਵਾ ਹਾਲ ਹੀ ਵਿਚ 12 ਹੋਰ ਰੇਲਵੇ ਸਟੇਸ਼ਨਾਂ 'ਤੇ ਲਗਭਗ 400 ਕਿੱਲੋਵਾਟ ਸਮਰੱਥਾ ਦੇ ਸੋਲਰ ਪਲਾਂਟ ਸਫਲਤਾਪੂਰਵਕ ਸਥਾਪਿਤ ਕੀਤੇ ਗਏ ਹਨ | ਇਨ੍ਹਾਂ ਸੋਲਰ ਪ੍ਰਣਾਲੀਆਂ ਤੋਂ ਪੈਦਾ ਹੋਣ ਵਾਲੀ ਬਿਜਲੀ ਊਰਜਾ ਦੀ ਵਰਤੋਂ ਸਿੱਧੇ ਤੌਰ 'ਤੇ ਸਟੇਸ਼ਨ ਦੇ ਬਿਜਲੀ ਲੋਡ ਨੂੰ ਪੂਰਾ ਕਰਨ ਲਈ ਕੀਤੀ ਜਾ ਰਹੀ ਹੈ | ਜਿਸ ਨਾਲ ਰਵਾਇਤੀ ਬਿਜਲੀ ਗਰਿੱਡ 'ਤੇ ਨਿਰਭਰਤਾ ਘੱਟ ਰਹੀ ਹੈ ਅਤੇ ਬਿਜਲੀ ਦੇ ਖ਼ਰਚੇ ਵਿਚ ਕਮੀ ਆ ਰਹੀ ਹੈ | ਵਿੱਤੀ ਸਾਲ 2025-26 ਦੌਰਾਨ ਇਸ ਸੋਲਰ ਇੰਫਰਾਸਟਰਕਚਰ (ਸੌਰ ਢਾਂਚੇ) ਤੋਂ ਲਗਭਗ 5,31,076 ਯੂਨਿਟ ਹਰਿਤ ਊਰਜਾ ਦਾ ਉਤਪਾਦਨ ਹੋਇਆ ਹੈ, ਜਿਸ ਨਾਲ ਬਿਜਲੀ ਦੀ ਲਾਗਤ ਵਿਚ ਲਗਭਗ 37.18 ਲੱਖ ਦੀ ਬੱਚਤ ਹੋਈ ਹੈ | ਉਨ੍ਹਾਂ ਆਖਿਆ ਕਿ ਰਵਾਇਤੀ ਊਰਜਾ ਸਰੋਤਾਂ ਤੋਂ ਬਿਜਲੀ ਦੀ ਖਪਤ ਵਿਚ ਕਮੀ, ਊਰਜਾ ਦੇ ਖ਼ਰਚੇ ਵਿਚ ਮਹੱਤਵਪੂਰਨ ਬੱਚਤ, ਰੇਲਵੇ ਸਟੇਸ਼ਨਾਂ 'ਤੇ ਊਰਜਾ ਸੁਰੱਖਿਆ ਅਤੇ ਭਰੋਸੇਯੋਗਤਾ ਵਿਚ ਵਾਧਾ, ਸਾਫ਼, ਨਵਿਆਉਣ ਯੋਗ ਅਤੇ ਨਿਰੰਤਰ ਊਰਜਾ ਨੂੰ ਉਤਸ਼ਾਹ, ਕਾਰਬਨ ਨਿਕਾਸ ਵਿਚ ਕਮੀ ਅਤੇ ਵਾਤਾਵਰਣ ਸੰਭਾਲ ਨੂੰ ਬਲ | ਫ਼ਿਰੋਜ਼ਪੁਰ ਮੰਡਲ ਨੇ ਆਪਣੀ ਲੰਬੇ ਸਮੇਂ ਦੀ ਟਿਕਾਊ ਵਿਕਾਸ ਯੋਜਨਾ ਦੇ ਤਹਿਤ ਵਿੱਤੀ ਸਾਲ 2026-27 ਵਿਚ ਵਾਧੂ 1.15 ਮੈਗਾਵਾਟ ਸੋਲਰ ਊਰਜਾ ਸਮਰੱਥਾ ਸਥਾਪਿਤ ਕਰਨ ਦਾ ਟੀਚਾ ਮਿੱਥਿਆ ਹੈ | ਇਸ ਦੇ ਮੁਕੰਮਲ ਹੋਣ 'ਤੇ ਮੰਡਲ ਦੀ ਊਰਜਾ ਕੁਸ਼ਲਤਾ ਹੋਰ ਮਜ਼ਬੂਤ ਹੋਵੇਗੀ, ਬਿਜਲੀ ਸਪਲਾਈ ਦੀ ਭਰੋਸੇਯੋਗਤਾ ਵਧੇਗੀ ਅਤੇ ਵਾਤਾਵਰਣ ਸੰਭਾਲ ਦੀ ਦਿਸ਼ਾ ਵਿਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਹਾਸਲ ਹੋਵੇਗੀ |