ਮੱਖੂ, 26 ਮਈ (ਕੁਲਵਿੰਦਰ ਸਿੰਘ ਸੰਧੂ)-ਬਲਾਕ ਮੱਖੂ ਦੇ ਪਿੰਡ ਗੱਟਾ ਬਾਦਸ਼ਾਹ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਗਠਿਤ ਇਕਾਈ ਵਲੋਂ ਭਗਵਾਨ ਸਿੰਘ ਗੱਟਾ ਸੰਧੂ ਜ਼ਿਲ੍ਹਾ ਮੀਤ ਪ੍ਰਧਾਨ ਵੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਕੀਤੀ ਗਈ | ਕਿਸਾਨੀ ਮਸਲਿਆਂ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਕਿਸਾਨ ਆਗੂਆਂ ਨੇ ਕਿਹਾ ਕਿ ਸਿੱਖ ਰਾਜ ਦੇ ਆਖ਼ਰੀ ਥੰਮ੍ਹ ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੇ ਇਤਿਹਾਸਿਕ ਅਸਥਾਨ ਨੂੰ ਜਾਣ ਵਾਲੀ ਸੜਕ ਬੰਗਾਲੀ ਵਾਲਾ ਪੁਲ ਤੋਂ ਲੈ ਕੇ ਫ਼ਤਿਹਗੜ੍ਹ ਸਭਰਾ ਤੱਕ ਕਈਆਂ ਜਗ੍ਹਾ ਤੋਂ ਟੁੱਟੀ ਹੋਈ ਹੈ | ਜਿਸ ਨਾਲ ਰਾਹਗੀਰਾਂ,ਕਿਸਾਨਾਂ ਤੋਂ ਇਲਾਵਾ ਇਸ ਅਸਥਾਨ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹ ਸੜਕ ਨੂੰ ਜਲਦ ਮੁਰੰਮਤ ਕੀਤਾ ਜਾਵੇ ਨਹੀਂ ਤਾਂ ਅਸੀਂ ਵੱਡੇ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਾਂਗੇ | ਇਸ ਮੌਕੇ ਭਗਵਾਨ ਸਿੰਘ ਗੱਟਾ ਸੰਧੂ ਜ਼ਿਲ੍ਹਾ ਮੀਤ ਪ੍ਰਧਾਨ ਤੋਂ ਇਲਾਵਾ ਇਕਾਈ ਪ੍ਰਧਾਨ ਜਗਜੀਤ ਸਿੰਘ ਗੱਟਾ,ਜੋਗਿੰਦਰ ਸਿੰਘ ਮੀਤ ਪ੍ਰਧਾਨ,ਮਿਲਖਾ ਸਿੰਘ ਮੀਤ ਪ੍ਰਧਾਨ,ਬਲਵੀਰ ਸਿੰਘ, ਲਖਬੀਰ ਸਿੰਘ, ਜਗਜੀਤ ਸਿੰਘ ਸੋਨੂੰ, ਗੁਰਮੀਤ ਸਿੰਘ, ਚੰਨਣ ਸਿੰਘ, ਸੁਖਦੇਵ ਸਿੰਘ, ਇੰਦਰਜੀਤ ਸਿੰਘ ਰਾਣਾ, ਗੁਰਮੀਤ ਸਿੰਘ, ਕੁਲਦੀਪ ਸਿੰਘ ਰਾੜੀਆ,ਅਰਸ਼ਦੀਪ ਸਿੰਘ,ਸਤਨਾਮ ਸਿੰਘ,ਭੁਪਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ |