ਫ਼ਿਰੋਜ਼ਪੁਰ, 26 ਮਈ (ਕੁਲਬੀਰ ਸਿੰਘ ਸੋਢੀ)-ਓ.ਬੀ.ਸੀ ਅਧਿਕਾਰ ਚੇਤਨਾ ਮੰਚ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਪ੍ਰਧਾਨ ਪੂਰਨ ਚੰਦ ਦੀ ਅਗਵਾਈ ਹੇਠ ਇਕ ਵਫ਼ਦ ਨੇ ਪਛੜੀਆਂ ਸ਼੍ਰੇਣੀਆਂ ਦੀ ਮਰਦਮਸ਼ੁਮਾਰੀ ਕਰਵਾਉਣ ਲਈ ਪ੍ਰੋਫਾਰਮੇ ਵਿਚ ਕਾਲਮ ਦਰਜ ਕਰਵਾਉਣ ਲਈ ਰਾਸ਼ਟਰਪਤੀ ਦੇ ਨਾਂਅ ਡੀ.ਸੀ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਦਿੱਤਾ ਗਿਆ | ਪ੍ਰਧਾਨ ਪੂਰਨ ਚੰਦ ਪਰਜਾਪਤੀ ਨੇ ਦੱਸਿਆ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਓ.ਬੀ.ਸੀ ਵਰਗ ਨਾਲ ਹਮੇਸ਼ਾ ਦੀ ਤਰ੍ਹਾਂ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ | ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਜਾਤੀ ਜਨਗਣਨਾ ਫਾਰਮ ਵਿਚ ਓ.ਬੀ.ਸੀ ਵਰਗ ਦਾ ਕਾਲਮ ਨਾ ਹੋਣਾ ਭਾਜਪਾ ਸਰਕਾਰ ਦੀ ਕੋਈ ਡੂੰਘੀ ਸਾਜ਼ਿਸ਼ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣਦੀ ਹੈ ਕਿ ਜੇਕਰ ਓ.ਬੀ.ਸੀ ਵਰਗ ਦੀ ਜਾਤੀ ਜਨਗਣਨਾ ਕਰਵਾ ਦਿੱਤੀ ਗਈ ਤਾਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਆਪਣੇ ਸੰਵਿਧਾਨਿਕ ਅਧਿਕਾਰਾਂ ਤੋਂ ਵਾਂਝਾ ਰਹਿ ਗਿਆ | ਆਗੂ ਬਾਬੂ ਰਾਮ ਪਰਜਾਪਤੀ ਨੇ ਦੱਸਿਆ ਕਿ ਪਹਿਲੇ ਗੇੜ ਦੀ ਜਨਗਣਨਾ ਐੱਚ. ਐੱਲ. ਓ. ਐਪ ਰਾਹੀਂ ਕੀਤੀ ਜਾ ਰਹੀ ਜਾਤੀ ਜਨਗਣਨਾ ਸੰਦੇਹ ਪੂਰਨ ਹੈ | ਜਿਸ ਦੇ ਅੰਕੜਿਆਂ ਦੀ ਸਹੀ ਜਾਂ ਗ਼ਲਤ ਜਾਣਕਾਰੀ ਲਈ ਵਿਭਾਗ ਦਾ ਕੋਈ ਕਰਮਚਾਰੀ ਜ਼ਿੰਮੇਵਾਰ ਨਹੀਂ ਹੋਵੇਗਾ | ਉਨ੍ਹਾਂ ਮੰਗ ਕੀਤੀ ਕਿ ਡਿਜੀਟਲ ਗਿਣਤੀ ਦੇ ਨਾਲ ਨਾਲ ਅਧਿਕਾਰਤ ਰੂਪ ਵਿਚ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇ | ਇਸ ਮੌਕੇ ਮਾਨ ਸਿੰਘ ਪ੍ਰਧਾਨ ਪਰਜਾਪਤੀ ਸਭਾ ਫ਼ਿਰੋਜ਼ਪੁਰ, ਬਾਬੂ ਰਾਮ ਪਰਜਾਪਤੀ ਜਨਰਲ ਸਕੱਤਰ, ਕਿ੍ਸ਼ਨ ਲਾਲ ਪਰਜਾਪਤੀ ਖ਼ਜ਼ਾਨਚੀ, ਫ਼ਤਿਹ ਚੰਦ ਪਰਜਾਪਤੀ, ਨਰੇਸ਼ ਕੁਮਾਰ (ਬੱਬਲੂ) ਰਾਮ ਕਿਸ਼ਨ ਪਰਜਾਪਤੀ, ਵਿਕਰਮ ਕੁਮਾਰ, ਭਗਤ ਰਾਮ, ਨਰੇਸ਼ ਕੁਮਾਰ ਪਰਜਾਪਤੀ ਯੂਥ ਪ੍ਰਧਾਨ ਪਰਜਾਪਤੀ ਸਭਾ ਫ਼ਿਰੋਜ਼ਪੁਰ ਤੇ ਹੋਰ ਸਾਥੀ ਮੌਜੂਦ ਸਨ |