ਫ਼ਿਰੋਜ਼ਪੁਰ,26 ਮਈ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰ (ਈ-ਨਿਵਿਦਾ) ਦੇ ਮਾਧਿਅਮ ਰਾਹੀਂ ਟਰੇਨ ਨੰਬਰ 13308 ਗੰਗਾ ਸਤਲੁਜ ਐਕਸਪੈੱ੍ਰਸ ਵਿਚ ਐੱਸ. ਐੱਲ. ਆਰ. ਲੀਜ਼ਿੰਗ ਦਾ ਇਕਰਾਰਨਾਮਾ ਸਫਲਤਾਪੂਰਵਕ ਅਲਾਟ ਕਰ ਦਿੱਤਾ ਗਿਆ ਹੈ | ਇਸ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਸਹੂਲਤਾਂ ਮਿਲਣਗੀਆਂ ਅਤੇ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ | ਇਸ ਇਕਰਾਰਨਾਮੇ ਤੋਂ ਰੇਲਵੇ ਨੂੰ ਲਗਭਗ 2.34 ਕਰੋੜ ਦਾ ਮਾਲੀਆ (ਰਾਜਸਵ) ਪ੍ਰਾਪਤ ਹੋਵੇਗਾ | ਐੱਸ. ਐੱਲ. ਆਰ. ਲੀਜ਼ਿੰਗ ਵਿਵਸਥਾ ਨਾਲ ਰੇਲਵੇ ਨੂੰ ਵਾਧੂ ਆਮਦਨ ਪ੍ਰਾਪਤ ਹੁੰਦੀ ਹੈ ਅਤੇ ਟਰੇਨਾਂ ਵਿਚ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਯਕੀਨੀ ਬਣਦੀ ਹੈ | ਇਸ ਦੇ ਨਾਲ ਹੀ ਵਪਾਰੀਆਂ ਨੂੰ ਆਪਣੇ ਸਾਮਾਨ ਨੂੰ ਤੇਜ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਇਕ ਥਾਂ ਤੋਂ ਦੂਜੀ ਥਾਂ ਭੇਜਣ ਦੀ ਸਹੂਲਤ ਮਿਲਦੀ ਹੈ | ਇਹ ਵਿਵਸਥਾ ਰੇਲਵੇ ਅਤੇ ਵਪਾਰੀ ਦੋਵਾਂ ਲਈ ਲਾਭਦਾਇਕ ਸਾਬਤ ਹੋ ਰਹੀ ਹੈ, ਜਿਸ ਨਾਲ ਸਮੇਂ ਅਤੇ ਲਾਗਤ (ਖ਼ਰਚੇ) ਦੋਵਾਂ ਦੀ ਬੱਚਤ ਹੋ ਰਹੀ ਹੈ | ਈ-ਟੈਂਡਰ ਦੇ ਮਾਧਿਅਮ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਇਕਰਾਰਨਾਮੇ ਅਲਾਟ ਕੀਤੇ ਜਾਣ ਸਦਕਾ ਰੇਲਵੇ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ |