ਫ਼ਿਰੋਜਪੁਰ, 2 ਜੂਨ (ਕੁਲਬੀਰ ਸਿੰਘ ਸੋਢੀ)-ਮੰਗਾਂ ਦੀ ਪੂਰਤੀ ਨੂੰ ਲੈ ਕੇ ਨਰੇਗਾ ਕਰਮਚਾਰੀ ਯੂਨੀਅਨ ਵਲੋਂ ਪਿਛਲੇ ਲੰਬੇ ਸਮੇਂ ਤੋਂ ਰੋਸ ਕੀਤਾ ਜਾ ਰਿਹਾ ਹੈ | ਕਿਸੇ ਤਰ੍ਹਾਂ ਦੀ ਸੁਣਵਾਈ ਨਾ ਹੁੰਦੀ ਦੇਖਦੇ ਹੋਏ ਨਰੇਗਾ ਕਰਮਚਾਰੀਆਂ ਵਲੋਂ ਕਲਾਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਤਹਿਤ ਬਲਾਕ ਫ਼ਿਰੋਜਪੁਰ ਦੇ ਨਰੇਗਾ ਕਰਮਚਾਰੀਆਂ ਨੇ ਦਫ਼ਤਰ ਬਾਹਰ ਧਰਨਾ ਮਾਰ ਕੇ ਹੜਤਾਲ ਸ਼ੁਰੂ ਕੀਤੀ ਗਈ ਹੈ | ਧਰਨੇ ਦੌਰਾਨ ਕਰਮਚਾਰੀਆਂ ਵਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਨਾਂ ਮੰਗ ਪੱਤਰ ਫ਼ਿਰੋਜ਼ਪੁਰ ਬਲਾਕ ਦੇ ਅਧਿਕਾਰੀ ਨੂੰ ਸੌਂਪਿਆ ਗਿਆ | ਯੂਨੀਅਨ ਪ੍ਰਧਾਨ ਸੁਰਜੀਤ ਸਿੰਘ ਦੀ ਅਗਵਾਈ ਹੇਠ ਦਿੱਤੇ ਇਸ ਪੱਤਰ ਰਾਹੀਂ ਪਿਛਲੇ 17-18 ਸਾਲਾਂ ਤੋਂ ਕੱਚੇ ਤੌਰ 'ਤੇ ਕੰਮ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ ਵਿਭਾਗ ਵਿਚ ਪੱਕੇ ਕਰਨ ਅਤੇ ਰੁਕੀਆਂ ਹੋਈਆਂ ਤਨਖ਼ਾਹਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ | ਯੂਨੀਅਨ ਆਗੂਆਂ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਲਗਭਗ 2100 ਨਰੇਗਾ ਮੁਲਾਜ਼ਮ ਸਾਲ 2008-2009 ਤੋਂ ਪੂਰੀ ਪਾਰਦਰਸ਼ਤਾ ਨਾਲ ਭਰਤੀ ਹੋ ਕੇ ਸੇਵਾਵਾਂ ਨਿਭਾ ਰਹੇ ਹਨ | ਮੁਲਾਜ਼ਮਾਂ ਨੇ ਮੰਗ ਕੀਤੀ ਕਿ 23 ਜਨਵਰੀ 2026 ਦੇ ਗਜ਼ਟ ਨੋਟੀਫ਼ਿਕੇਸ਼ਨ ਮੁਤਾਬਿਕ ਉਨ੍ਹਾਂ ਨੂੰ ਤਜਰਬੇ ਦੇ ਆਧਾਰ 'ਤੇ ਪੰਚਾਇਤ ਵਿਕਾਸ ਸਕੱਤਰ ਅਤੇ ਹੋਰ ਖ਼ਾਲੀ ਅਸਾਮੀਆਂ ਵਿਚ ਮਰਜ਼ ਕੀਤਾ ਜਾਵੇ | ਇਸ ਤੋਂ ਇਲਾਵਾ ਪਿਛਲੇ 6 ਤੋਂ 8 ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਕਾਰਨ ਮੁਲਾਜ਼ਮ ਗੰਭੀਰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਹਨ | ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਉੱਚ ਅਧਿਕਾਰੀਆਂ ਨਾਲ ਪੈਨਲ ਮੀਟਿੰਗ ਕਰਕੇ ਇਨ੍ਹਾਂ ਮੰਗਾਂ ਦਾ ਤੁਰੰਤ ਹੱਲ ਕੀਤਾ ਜਾਵੇ, ਨਹੀਂ ਤਾਂ ਵਿਸ਼ਾਲ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਵੱਡੀ ਸੰਖਿਆ ਵਿਚ ਨਰੇਗਾ ਕਰਮਚਾਰੀ ਹਾਜ਼ਰ ਸਨ |