ਗੁਰੂਹਰਸਹਾਏ, 8 ਜੂਨ (ਕਪਿਲ ਕੰਧਾਰੀ)-ਬੀਤੇ ਦਿਨੀਂ ਗੁਰੂਹਰਸਹਾਏ ਦੇ ਗਲਹੋਤਰਾ ਫ਼ਰਨੀਚਰ ਹਾਊਸ ਵਿਚ ਲੱਗੀ ਭਿਆਨਕ ਅੱਗ ਕਾਰਨ ਹੋਏ ਲੱਖਾਂ ਰੁਪਏ ਦੇ ਨੁਕਸਾਨ ਨੂੰ ਲੈ ਕੇ ਅੱਜ ਵਪਾਰ ਮੰਡਲ ਦੇ ਸਮੂਹ ਦੁਕਾਨਦਾਰਾਂ ਵਲੋਂ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਫ਼ੌਜਾ ਸਿੰਘ ਸਰਾਰੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਮੀਟਿੰਗ ਦੌਰਾਨ ਵਪਾਰੀਆਂ ਨੇ ਗਲਹੋਤਰਾ ਫ਼ਰਨੀਚਰ ਹਾਊਸ ਦੇ ਮਾਲਕ ਨੂੰ ਅੱਗ ਕਾਰਨ ਹੋਏ ਭਾਰੀ ਨੁਕਸਾਨ ਦਾ ਜ਼ਿਕਰ ਕਰਦਿਆਂ ਵਿਧਾਇਕ ਸਰਾਰੀ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰ ਨੂੰ ਸਰਕਾਰ ਵਲੋਂ ਵੱਧ ਤੋਂ ਵੱਧ ਮੁਆਵਜ਼ਾ ਦਿਵਾਇਆ ਜਾਵੇ | ਵਪਾਰੀਆਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਧਾਇਕ ਸਰਾਰੀ ਨੇ ਮੌਕੇ 'ਤੇ ਹੀ ਡੀ.ਐਸ.ਪੀ ਤਜਿੰਦਰ ਪਾਲ ਸਿੰਘ ਅਤੇ ਥਾਣਾ ਮੁਖੀ ਜਗਦੀਪ ਸਿੰਘ ਨੂੰ ਮੀਟਿੰਗ ਵਿਚ ਸੱਦਿਆ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਨਸ਼ਿਆਂ, ਚੋਰੀਆਂ ਜਾਂ ਕਿਸੇ ਹੋਰ ਗੈਰ-ਕਾਨੂੰਨੀ ਗਤੀਵਿਧੀ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਬਿਨਾਂ ਝਿਜਕ ਪੁਲਿਸ ਨਾਲ ਸਾਂਝੀ ਕਰੇ, ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ | ਮੀਟਿੰਗ ਦੌਰਾਨ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਗਲਹੋਤਰਾ ਫ਼ਰਨੀਚਰ ਹਾਊਸ ਦੇ ਮਾਲਕ ਦੀ ਆਰਥਿਕ ਮਦਦ ਲਈ ਆਪਣੀ ਇਕ ਮਹੀਨੇ ਦੀ ਪੈਨਸ਼ਨ ਵਿਚੋਂ 50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਸ਼ਹਿਰ ਵਾਸੀਆਂ ਅਤੇ ਵਪਾਰੀਆਂ ਨੇ ਗੁਰੂਹਰਸਹਾਏ ਵਿਚ ਸਥਾਈ ਤੌਰ 'ਤੇ ਫਾਇਰ ਬਿ੍ਗੇਡ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਵੀ ਉਠਾਈ | ਵਿਧਾਇਕ ਸਰਾਰੀ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਨੂੰ ਜਲਦ ਹੀ ਫਾਇਰ ਬਿ੍ਗੇਡ ਸਬੰਧੀ ਆ ਰਹੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਠੋਸ ਕਦਮ ਚੁੱਕੇ ਜਾਣਗੇ | ਇਸ ਸਬੰਧੀ ਵਿਧਾਇਕ ਸਰਾਰੀ ਨੇ ਮੌਕੇ 'ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਨੂੰ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ, ਪਰ ਤਹਿਸੀਲਦਾਰ ਛੁੱਟੀ 'ਤੇ ਹੋਣ ਅਤੇ ਨਾਇਬ ਤਹਿਸੀਲਦਾਰ ਦੀ ਹੋਰ ਥਾਂ ਡਿਊਟੀ ਹੋਣ ਕਾਰਨ ਉਹ ਹਾਜ਼ਰ ਨਹੀਂ ਹੋ ਸਕੇ | ਉਨ੍ਹਾਂ ਦੀ ਥਾਂ ਪਹੁੰਚੇ ਅਧਿਕਾਰੀ ਨੂੰ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਵਿਧਾਇਕ ਫ਼ੌਜਾਂ ਸਿੰਘ ਸਰਾਰੀ ਨੇ ਭਰੋਸਾ ਦਿਵਾਇਆ ਕਿ ਵਪਾਰੀਆਂ ਅਤੇ ਆਮ ਲੋਕਾਂ ਵਲੋਂ ਉਠਾਏ ਗਏ ਹਰ ਮੁੱਦੇ ਦਾ ਜਲਦ ਹੱਲ ਕਰਨ ਲਈ ਸਬੰਧਿਤ ਵਿਭਾਗਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਤੋਂ ਰਾਹਤ ਦਿਵਾਈ ਜਾਵੇਗੀ | ਮੀਟਿੰਗ ਵਿਚ ਵਪਾਰ ਮੰਡਲ ਦੇ ਪ੍ਰਧਾਨ ਸਤਵਿੰਦਰ ਸਿੰਘ ਭੰਡਾਰੀ, ਵਿਜੇ ਮੋਂਗਾ, ਕੱਪੜਾ ਯੂਨੀਅਨ ਦੇ ਪ੍ਰਧਾਨ ਲਾਲ ਚੰਦ ਨਰੂਲਾ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਮਦਨ ਮੋਹਨ ਕੰਧਾਰੀ, ਵਿਕਾਸ ਗਲਹੋਤਰਾ ਜ਼ਿਲ੍ਹਾ ਪ੍ਰਧਾਨ , ਸਤਪਾਲ ਬਾਵਾ, ਅਸ਼ੋਕ ਮੋਂਗਾ, ਆਦੀ ਵੱਡੀ ਗਿਣਤੀ ਵਿਚ ਵਪਾਰੀ ਹਾਜ਼ਰ ਸਨ |