ਫ਼ਿਰੋਜ਼ਪੁਰ, 11 ਜੂਨ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਵਲੋਂ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਾਵਨਾ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਠੰਢੇ ਮਿੱਠੇ ਸ਼ਰਬਤ ਦੀ ਛਬੀਲ ਲਗਾਈ ਗਈ | ਇਹ ਸੇਵਾ ਕਾਰਜ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ ਦੀ ਸਰਪ੍ਰਸਤੀ ਅਤੇ ਮਾਰਗ ਦਰਸ਼ਨ ਹੇਠ ਕਰਵਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ.ਮਹਿੰਦਰ ਪਾਲ ਸਿੰਘ, ਡਾਇਰੈਕਟਰ ਯੋਗੇਸ਼ ਬਾਂਸਲ, ਸਮੂਹ ਅਧਿਆਪਕ ਵਰਗ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ | ਭਿਆਨਕ ਗਰਮੀ ਦੇ ਮੱਦੇਨਜ਼ਰ ਆਮ ਲੋਕਾਂ ਨੂੰ ਠੰਢਾ ਅਤੇ ਮਿੱਠਾ ਸ਼ਰਬਤ ਵੰਡ ਕੇ ਰਾਹਤ ਪ੍ਰਦਾਨ ਕੀਤੀ ਗਈ | ਇਸ ਮੌਕੇ ਬੋਲਦਿਆਂ ਚੇਅਰਮੈਨ ਧਰਮਪਾਲ ਬਾਂਸਲ ਨੇ ਕਿਹਾ ਕਿ ਅਜਿਹੇ ਸੇਵਾ ਕਾਰਜ ਸਮਾਜ ਵਿਚ ਪਿਆਰ, ਭਾਈਚਾਰੇ ਅਤੇ ਮਨੁੱਖਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਬਹੁਤ ਮਹੱਤਵਪੂਰਨ ਹਨ | ਵਿਦਿਆਰਥੀਆਂ ਨੇ ਵੀ ਪੂਰੇ ਸਮਰਪਣ ਨਾਲ ਸੇਵਾ ਨਿਭਾਉਂਦਿਆਂ ਸਮਾਜ ਪ੍ਰਤੀ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ | ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਸੰਸਥਾ ਸਿੱਖਿਆ ਦੇ ਨਾਲ-ਨਾਲ ਸਮਾਜਿਕ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ 'ਤੇ ਲੋਕ ਭਲਾਈ ਦੇ ਕਾਰਜ ਕਰਵਾਉਂਦੀ ਰਹਿੰਦੀ ਹੈ | ਅੰਤ ਵਿਚ ਚੇਅਰਮੈਨ ਧਰਮਪਾਲ ਬਾਂਸਲ ਅਤੇ ਡਾਇਰੈਕਟਰ ਯੋਗੇਸ਼ ਬਾਂਸਲ ਨੇ ਸਾਰੇ ਅਧਿਆਪਕਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਸਮਾਜ ਸੇਵਾ ਦੇ ਅਜਿਹੇ ਕਾਰਜ ਲਗਾਤਾਰ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ |