ਜ਼ੀਰਾ, 11 ਜੂਨ (ਰਜਨੀਸ਼ ਕਥੂਰੀਆ)-ਪਟਿਆਲਾ ਵਿਖੇ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਸ਼ਾਂਤੀ ਪੂਰਵਕ ਹੱਕ ਮੰਗਦੇ ਅਪ੍ਰੈਟਿਸ ਲਾਈਨਮੈਨਾਂ 'ਤੇ ਲਾਠੀਚਾਰਜ ਕਰਨਾ ਪੰਜਾਬ ਸਰਕਾਰ ਦਾ ਕਾਇਰਤਾ ਦਾ ਸਬੂਤ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਿਰਨਪਾਲ ਸਿੰਘ ਸੋਢੀਵਾਲਾ, ਹਰਦਿਆਲ ਸਿੰਘ ਅਲੀਪੁਰ ਸੂਬਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਸੁਖਮੰਦਰ ਸਿੰਘ ਸ਼ੂਸ਼ਕ ਪ੍ਰਧਾਨ ਜ਼ਿਲ੍ਹਾ ਫਿਰੋਜ਼ਪੁਰ ਨੇ ਇੱਥੇ ਸਾਂਝੇ ਤੌਰ 'ਤੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ 'ਤੇ ਬਲ ਪ੍ਰਯੋਗ ਕਰਨਾ ਅਤੇ ਉਨ੍ਹਾਂ ਨੂੰ ਜ਼ਖਮੀ ਕਰਨਾ ਲੋਕਤੰਤਰ ਕਦਰਾਂ ਕੀਮਤਾਂ ਦਾ ਘਾਣ ਹੈ | ਉਨ੍ਹਾਂ ਨੂੰ ਕਿਹਾ ਕਿ ਹੱਕ ਮੰਗਦੇ ਨੌਜਵਾਨਾਂ ਦੀਆਂ ਲੱਤਾਂ ਬਾਂਹਾਂ ਤੋੜਨਾ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ | ਉਨ੍ਹਾਂ ਦੋਸ਼ ਲਗਾਇਆ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਮੌਜੂਦਾ ਸਰਕਾਰ ਨੇ ਬੇਰੁਜ਼ਗਾਰਾਂ ਨੌਜਵਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਹੁਣ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਤਸ਼ੱਦਦ ਕਰ ਰਹੀ ਹੈ | ਕਿਰਨਪਾਲ ਸਿੰਘ ਸੋਢੀਵਾਲਾ,ਹਰਦਿਆਲ ਸਿੰਘ ਅਲੀਪੁਰ ਅਤੇ ਸੁਖਮੰਦਰ ਸਿੰਘ ਸ਼ੂਸ਼ਕ ਨੇ ਹੋਰ ਆਖਿਆ ਕਿਹਾ ਲੋਕਾਂ ਦੀ ਆਵਾਜ਼ ਨੂੰ ਡਾਂਗਾਂ ਦੇ ਜ਼ੋਰ ਨਾਲ ਨਹੀਂ ਦਬਾਇਆ ਜਾ ਸਕਦਾ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਠੀਚਾਰਜ ਦੌਰਾਨ ਜ਼ਖਮੀ ਹੋਏ ਨੌਜਵਾਨਾਂ ਦਾ ਇਲਾਜ ਕਰਾਇਆ ਜਾਵੇ ਅਤੇ ਘਟਨਾ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |