ਗੁਰੂਹਰਸਹਾਏ, 11 ਜੂਨ (ਕਪਿਲ ਕੰਧਾਰੀ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਲਿਟਲ ਫਲਾਵਰ ਕਾਨਵੈਂਟ ਸਕੂਲ, ਗੁਰੂਹਰਸਹਾਏ ਵਲੋਂ ਵਿਦਿਆਰਥੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਰਚਨਾਤਮਿਕ, ਲਾਭਦਾਇਕ ਅਤੇ ਯਾਦਗਾਰ ਬਣਾਉਣ ਦੇ ਉਦੇਸ਼ ਨਾਲ ਮੁਫ਼ਤ ਸਮਰ ਕੈਂਪ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ ਹੈ | ਸਕੂਲ ਪ੍ਰਬੰਧਕਾਂ ਵਲੋਂ Tਮੁੱਲਾਂ ਦੀ ਪਾਲਨਾ, ਚੈਂਪੀਅਨ ਤਿਆਰ ਕਰਨਾU ਨਰਟਰਿੰਗ ਵੈਲਯੁਸ ਬਿਲਡਿੰਗ ਚੈਂਪੀਅਨਜ਼ ਦੇ ਸਿਧਾਂਤ ਤਹਿਤ ਆਯੋਜਿਤ ਇਹ ਵਿਸ਼ੇਸ਼ ਕੈਂਪ 5 ਜੂਨ ਤੋਂ 15 ਜੂਨ ਤੱਕ ਚੱਲੇਗਾ | ਸਕੂਲ ਪ੍ਰਬੰਧਨ ਅਨੁਸਾਰ ਇਸ ਸਮਰ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ | ਉਨ੍ਹਾਂ ਦੀਆਂ ਲੁਕੀਆਂ ਪ੍ਰਤਿਭਾਵਾਂ ਨੂੰ ਉਭਾਰਨਾ ਅਤੇ ਖੇਡਾਂ 'ਤੇ ਸਭਿਆਚਾਰਕ ਗਤੀਵਿਧੀਆਂ ਪ੍ਰਤੀ ਰੁਚੀ ਪੈਦਾ ਕਰਨਾ ਹੈ | ਕੈਂਪ ਦੌਰਾਨ ਬੱਚਿਆਂ ਨੂੰ ਮਾਹਿਰ ਕੋਚਾਂ ਅਤੇ ਟਰੇਨਰਾਂ ਦੀ ਦੇਖ-ਰੇਖ ਹੇਠ ਵੱਖ-ਵੱਖ ਗਤੀਵਿਧੀਆਂ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ | ਕੈਂਪ ਵਿਚ ਕਿ੍ਕਟ, ਟੇਬਲ ਟੈਨਿਸ, ਬਾਸਕਟਬਾਲ, ਖੋ-ਖੋ, ਸਕੇਟਿੰਗ ਅਤੇ ਤੀਰ-ਅੰਦਾਜ਼ੀ ਵਰਗੀਆਂ ਖੇਡਾਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਕਰਾਟੇ ਰਾਹੀਂ ਸਵੈ-ਰੱਖਿਆ ਦੇ ਗੁਣ ਸਿਖਾਏ ਜਾ ਰਹੇ ਹਨ ਅਤੇ ਡਾਂਸ ਦੀਆਂ ਕਲਾਸਾਂ ਰਾਹੀਂ ਉਨ੍ਹਾਂ ਦੀ ਕਲਾਤਮਕ ਯੋਗਤਾ ਨੂੰ ਨਿਖਾਰਿਆ ਜਾ ਰਿਹਾ ਹੈ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਕੈਂਪ ਬੱਚਿਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਭਾਵਨਾ ਅਤੇ ਲੀਡਰਸ਼ਿਪ ਵਰਗੇ ਗੁਣਾਂ ਦਾ ਵਿਕਾਸ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਬੱਚਿਆਂ ਨੂੰ ਮੋਬਾਈਲ ਅਤੇ ਹੋਰ ਇਲੈੱਕਟ੍ਰਾਨਿਕ ਉਪਕਰਨਾਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਰਚਨਾਤਮਿਕ ਗਤੀਵਿਧੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ | ਸਕੂਲ ਪ੍ਰਬੰਧਨ ਨੇ ਕਿਹਾ, Tਸਾਡਾ ਮਕਸਦ ਬੱਚਿਆਂ ਦੇ ਅੰਦਰ ਲੁਕੀ ਪ੍ਰਤਿਭਾ ਨੂੰ ਉਭਾਰਨਾ, ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਣਾ ਅਤੇ ਉਨ੍ਹਾਂ ਨੂੰ ਨਵੇਂ ਦੋਸਤਾਂ ਨਾਲ ਮਿਲਣ-ਜੁਲਣ ਦਾ ਮੌਕਾ ਪ੍ਰਦਾਨ ਕਰਨਾ ਹੈ |