15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਦੀ ਆੜ ਹੇਠ ਅਧਿਆਪਕਾਂ ਤੋਂ ਗੈਰ-ਵਿੱਦਿਅਕ ਡਿਊਟੀਆਂ ਕਰਵਾਉਣ ਦਾ ਤਿੱਖਾ ਵਿਰੋਧ

Ad Position 21
No active advertisement
ਅਜੀਤ ਡੈਸਕ 16-06-2026
ਫ਼ਿਰੋਜ਼ਪੁਰ, 15 ਜੂਨ (ਗੁਰਿੰਦਰ ਸਿੰਘ)-ਨਸ਼ਾ ਅਤੇ ਸਮਾਜਿਕ-ਆਰਥਿਕ ਜਨਗਣਨਾ ਦੇ ਨਾਂ ਹੇਠ ਪੰਜਾਬ ਸਰਕਾਰ ਵਲੋਂ ਅਧਿਆਪਕਾਂ ਤੋਂ ਜ਼ਬਰਦਸਤੀ ਗੈਰ-ਵਿੱਦਿਅਕ ਡਿਊਟੀਆਂ ਕਰਵਾਉਣ ਦੇ ਫ਼ੈਸਲੇ ਦਾ ਸਮੂਹ ਅਧਿਆਪਕ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ ਹੈ। ਇਸ ਸਬੰਧੀ ਅਧਿਆਪਕ ਆਗੂਆਂ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਮੰਗ ਪੱਤਰ ਸੌਂਪ ਕੇ ਅਧਿਆਪਕਾਂ ਦੀਆਂ ਡਿਊਟੀਆਂ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਅਧਿਆਪਕ ਆਗੂਆਂ ਸੁਖਜਿੰਦਰ ਸਿੰਘ ਖਾਨਪੁਰ, ਪਰਮਜੀਤ ਸਿੰਘ ਪੰਮਾ, ਜਗਸੀਰ ਸਿੰਘ ਗਿੱਲ, ਸਰਬਜੀਤ ਸਿੰਘ ਭਾਵੜਾ ਅਤੇ ਹਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਵਲੋਂ ਇਕ ਪਾਸੇ ਇਸ ਸਰਵੇ ਲਈ ਸਵੈ-ਇੱਛੁਕ ਮੁਲਾਜ਼ਮਾਂ ਦੀਆਂ ਸੇਵਾਵਾਂ ਲੈਣ ਸਬੰਧੀ ਇਸ਼ਤਿਹਾਰ ਜਾਰੀ ਕੀਤੇ ਗਏ ਹਨ, ਜਦਕਿ ਦੂਜੇ ਪਾਸੇ ਅਧਿਆਪਕਾਂ ਦੀਆਂ ਜ਼ਬਰਦਸਤੀ ਡਿਊਟੀਆਂ ਲਗਾ ਕੇ ਉਨ੍ਹਾਂ ਨੂੰ ਸਰਵੇ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਰਵੇ ਵਿਚ ਏ.ਆਈ ਤਕਨਾਲੋਜੀ ਦੀ ਵਰਤੋਂ ਕਰਦਿਆਂ ਲੋਕਾਂ ਤੋਂ ਸਰਕਾਰੀ ਸਕੀਮਾਂ ਬਾਰੇ ਰਾਏ ਲਈ ਜਾ ਰਹੀ ਹੈ ਅਤੇ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਸਰਕਾਰ ਨੂੰ ਹੋਰ ਕਿਹੜੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਵਾਲਾਂ ਤੋਂ ਇਹ ਪ੍ਰਭਾਵ ਬਣਦਾ ਹੈ ਕਿ ਸਰਵੇ ਦੇ ਨਾਂ ਹੇਠ ਕਿਸੇ ਰਾਜਨੀਤਿਕ ਪਾਰਟੀ ਲਈ ਲੋਕ ਰਾਏ ਇਕੱਠੀ ਕਰਨ ਜਾਂ ਭਵਿੱਖ ਦੀਆਂ ਨੀਤੀਆਂ ਲਈ ਡਾਟਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਇਹ ਭਰੋਸਾ ਦਿੱਤਾ ਸੀ ਕਿ ਅਧਿਆਪਕਾਂ ਤੋਂ ਗੈਰ-ਵਿੱਦਿਅਕ ਡਿਊਟੀਆਂ ਨਹੀਂ ਲਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਲਈ ਸੁਖਾਵਾਂ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ ਪਰ ਹਕੀਕਤ ਵਿਚ ਅਧਿਆਪਕਾਂ ਨੂੰ ਮਰਦਮਸ਼ੁਮਾਰੀ, ਬੀ.ਐਲ.�, ਚੋਣਾਂ, ਡਰੱਗ ਸੈਂਸਸ, ਤੀਰਥ ਯਾਤਰਾ, ਹੜ੍ਹ ਰਾਹਤ ਅਤੇ ਹੈਲਥ ਕਾਰਡਾਂ ਸਬੰਧੀ ਕੰਮਾਂ ਲਈ ਲਗਾਤਾਰ ਸਕੂਲਾਂ ਤੋਂ ਬਾਹਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀਆਂ ਲਗਾਤਾਰ ਗੈਰ-ਵਿੱਦਿਅਕ ਡਿਊਟੀਆਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਸਕੂਲਾਂ ਦਾ ਸਿੱਖਿਅਕ ਮਾਹੌਲ ਵੀ ਨੁਕਸਾਨ ਝੱਲ ਰਿਹਾ ਹੈ। ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਅਧਿਆਪਕ ਨਾਲ ਧੱਕੇਸ਼ਾਹੀ ਕੀਤੀ ਗਈ ਜਾਂ ਜ਼ਬਰਦਸਤੀ ਡਿਊਟੀਆਂ ਲਗਾਉਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਜ਼ਿਲ੍ਹਾ ਪੱਧਰ ‘ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਸੰਧੂ, ਅਮਿਤ ਸ਼ਰਮਾ, ਅਵਤਾਰ ਸਿੰਘ ਪੁਰੀ, ਹਰਜਿੰਦਰ ਸਿੰਘ ਜਨੇਰ, ਬਲਜਿੰਦਰ ਸਿੰਘ, ਦਿਲਪ੍ਰੀਤ ਸਿੰਘ, ਹਰਜੀਤ ਸਿੰਘ, ਨਵੀਨ ਸਚਦੇਵਾ, ਹਰਪਾਲ ਸਿੰਘ ਸੰਧੂ, ਅਰਨੀਸ਼ ਮੋਂਗਾ, ਮਨੋਜ ਗੁਪਤਾ, ਪਵਨ ਕੁਮਾਰ, ਮਨਦੀਪ ਸਿੰਘ, ਕਿਰਨਜੀਤ ਕੌਰ, ਆਂਚਲ, ਗੁਰਪ੍ਰੀਤ ਕੌਰ, ਰੇਣੂ, ਹਰਪ੍ਰੀਤ ਕੌਰ ਅਤੇ ਮਨੀਸ਼ਾ ਸ਼ਰਮਾ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੰਬਾ ਤੋਂ 20 ਪਰਿਵਾਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਕੱਲ੍ਹ ਦੀ ਜਲੰਧਰ ਕਨਵੈਨਸ਼ਨ ਵਿਚ ਫ਼ਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਪੈਨਸ਼ਨਰਜ਼ ਕਰਨਗੇ ਸ਼ਮੂਲੀਅਤ
Ad Position 24