ਫਿਰੋਜ਼ਪੁਰ, 15 ਜੂਨ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਹੇ ਮੁਫ਼ਤ ਮੈਡੀਕਲ ਕੈਂਪ ਦੌਰਾਨ ਸੇਵਾ ਭਾਰਤੀ (ਰਜਿ.) ਫਿਰੋਜ਼ਪੁਰ ਸਿਟੀ ਵਲੋਂ ਕੜਾਕੇ ਦੀ ਗਰਮੀ ਦੇ ਮੱਦੇਨਜ਼ਰ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਹ ਸੇਵਾ ਕਾਰਜ ਸੰਸਥਾ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਦਾ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਆਮ ਲੋਕਾਂ ਵਲੋਂ ਭਰਪੂਰ ਲਾਭ ਲਿਆ ਗਿਆ। ਇਸ ਮੌਕੇ ਮੁਕੇਸ਼ ਗੋਇਲ ਨੇ ਕਿਹਾ ਕਿ ਸੇਵਾ ਭਾਰਤੀ ਸਮੇਂ-ਸਮੇਂ ‘ਤੇ ਸਮਾਜਿਕ, ਮਨੁੱਖੀ ਅਤੇ ਧਾਰਮਿਕ ਸੇਵਾ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਂਦੀ ਰਹੀ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਲੋਕ-ਭਲਾਈ ਦੇ ਉਪਰਾਲੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿਚ ਪਿਆਸੇ ਲੋਕਾਂ ਨੂੰ ਠੰਡਾ ਅਤੇ ਮਿੱਠਾ ਜਲ ਪਿਲਾਉਣਾ ਬਹੁਤ ਵੱਡੀ ਸੇਵਾ ਹੈ। ਹਸਪਤਾਲ ਦੇ ਡਾਇਰੈਕਟਰ ਅਤੇ ਭਗਤੀ ਭਜਨ ਗਰੁੱਪ ਦੇ ਸੰਸਥਾਪਕ ਧਰਮ ਪਾਲ ਬਾਂਸਲ ਨੇ ਵੀ ਛਬੀਲ ਸੇਵਾ ਵਿਚ ਸ਼ਮੂਲੀਅਤ ਕਰਦਿਆਂ ਆਪਣੇ ਹੱਥਾਂ ਨਾਲ ਲੋਕਾਂ ਨੂੰ ਜਲ ਵੰਡਿਆ। ਇਸ ਦੌਰਾਨ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਕਾਲਜ ਸਟਾਫ ਅਤੇ ਰਾਹਗੀਰਾਂ ਨੇ ਠੰਡੇ ਮਿੱਠੇ ਜਲ ਦਾ ਸੇਵਨ ਕਰਕੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਅਨਿਲ ਸ਼ਰਮਾ ਨੇ ਸੇਵਾ ਭਾਰਤੀ ਦੇ ਮੈਂਬਰਾਂ ਵਲੋਂ ਕੀਤੇ ਜਾ ਰਹੇ ਇਸ ਸੇਵਾ ਕਾਰਜ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਮਾਜ ਸੇਵਕਾਂ ਨੂੰ ਹਮੇਸ਼ਾਂ ਅਜਿਹੇ ਮਨੁੱਖਤਾ ਭਲਾਈ ਦੇ ਕਾਰਜਾਂ ਵਿਚ ਅੱਗੇ ਰਹਿਣਾ ਚਾਹੀਦਾ ਹੈ। ਇਸ ਮੌਕੇ ਹਸਪਤਾਲ ਦੇ ਡਾਇਰੈਕਟਰ ਯੁਗੇਸ਼ ਬਾਂਸਲ, ਮੈਡਮ ਕਿਰਨ ਬਾਂਸਲ, ਪ੍ਰਿਯੰਕਾ ਸੀ.ਏ., ਡਾ. ਐੱਮ.ਪੀ. ਸਿੰਘ ਪ੍ਰਿੰਸੀਪਲ, ਸੁਮੀਰ ਗੁਪਤਾ, ਅਸ਼ੋਕ ਗਰਗ, ਸੁਖਵਿੰਦਰ ਕੌਰ, ਜਗਦੇਵ ਸਿੰਘ, ਬੂਟਾ ਸਿੰਘ ਅਤੇ ਲਖਵਿੰਦਰ ਸਿੰਘ ਸਮੇਤ ਹੋਰ ਸਹਿਯੋਗੀਆਂ ਨੇ ਛਬੀਲ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।