ਫ਼ਿਰੋਜ਼ਪੁਰ, 21 ਜੂਨ (ਗੁਰਿੰਦਰ ਸਿੰਘ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਚ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਡਾਇਰੈਕਟਰ ਐੱਸ.ਪੀ. ਆਨੰਦ, ਪ੍ਰਿੰਸੀਪਲ ਡਾ. ਪ੍ਰਵੀਨ ਔਲ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਸਾਂਝੇ ਤੌਰ ’ਤੇ ਯੋਗ ਅਭਿਆਸ ਕਰਕੇ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਯੋਗ ਪ੍ਰੰਪਰਾ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ। ਸਕੂਲ ਅਹਾਤੇ ਵਿਚ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਅਤੇ ਸਟਾਫ ਵਿਚ ਸਰੀਰਕ ਤੰਦਰੁਸਤੀ, ਮਾਨਸਿਕ ਸੰਤੁਲਨ ਅਤੇ ਆਤਮਿਕ ਸ਼ਾਂਤੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਯੋਗ ਮਾਹਿਰਾਂ ਦੀ ਰਹਿਨੁਮਾਈ ਹੇਠ ਵੱਖ-ਵੱਖ ਯੋਗ ਆਸਨ ਅਤੇ ਪ੍ਰਾਣਾਯਾਮ ਕਰਵਾਏ ਗਏ। ਜਿਨ੍ਹਾਂ ਵਿਚ ਸਭ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਸ.ਸੀ. ਸਾਂਵਲਕਾ, ਸਕੱਤਰ ਰਜਨੀਸ਼ ਸਾਂਵਲਕਾ, ਡਾਇਰੈਕਟਰ ਐੱਸ.ਪੀ. ਆਨੰਦ ਅਤੇ ਪ੍ਰਿੰਸੀਪਲ ਡਾ. ਪ੍ਰਵੀਨ ਔਲ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਵਧਾਈਆਂ ਦਿੰਦਿਆਂ ਯੋਗ ਨੂੰ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਯੋਗ ਨਾ ਸਿਰਫ਼ ਸਰੀਰ ਨੂੰ ਤੰਦਰੁਸਤ ਰੱਖਦਾ ਹੈ, ਸਗੋਂ ਮਨ ਨੂੰ ਸ਼ਾਂਤ ਅਤੇ ਜੀਵਨ ਨੂੰ ਸੰਤੁਲਿਤ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਯੋਗ ਨੂੰ ਅਪਣਾ ਕੇ ਅਸੀਂ ਇਕ ਸਿਹਤਮੰਦ, ਸਕਾਰਾਤਮਕ ਅਤੇ ਸੰਤੁਲਿਤ ਸਮਾਜ ਦੀ ਸਿਰਜਣਾ ਵੱਲ ਅਹਿਮ ਕਦਮ ਚੁੱਕ ਸਕਦੇ ਹਾਂ।
ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ’ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ
ਅਜੀਤ ਡੈਸਕ
22-06-2026