15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਐੱਸ.ਕੇ.ਐੱਮ (ਗੈਰ ਰਾਜਨੀਤਕ) ਜਥੇਬੰਦੀਆਂ ਦੀ ਹੋਈ ਅਹਿਮ ਬੈਠਕ

Ad Position 21
No active advertisement
ਅਜੀਤ ਡੈਸਕ 25-06-2026
ਫ਼ਿਰੋਜ਼ਪੁਰ,24 ਜੂਨ (ਕੁਲਬੀਰ ਸਿੰਘ ਸੋਢੀ)-ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ (ਭਾਰਤ) ਦੇ ਪੰਜਾਬ ਅਤੇ ਹਰਿਆਣਾ ਜਥੇਬੰਦੀਆਂ ਦੀ ਅਹਿਮ ਮੀਟਿੰਗ ਬਟਾਲਾ ਵਿਖੇ ਇੰਦਰਜੀਤ ਸਿੰਘ ਕੋਟਬੁੱਢਾ ਅਤੇ ਲਖਵਿੰਦਰ ਸਿੰਘ ਸਰਸਾ ਦੀ ਅਗਵਾਈ ਹੇਠ ਹੋਈ । ਜਿਸ ਵਿਚ ਆਗੂ ਸੁਖਜੀਤ ਸਿੰਘ ਹਰਦੋਝੰਡੇ, ਗੁਰਿੰਦਰ ਸਿੰਘ ਭੰਗੂ, ਬਚਿੱਤਰ ਸਿੰਘ ਕੋਟਲਾ ਅਤੇ ਗੁਰਸੇਵਕ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਬੀ.ਕੇ.ਯੂ ਮਝੈਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚਲੀ ਜਾਣਕਾਰੀ ਸਾਂਝੀ ਕਰਦੇ ਹੋਏ ਗੁਰਸੇਵਕ ਸਿੰਘ ਧਾਲੀਵਾਲ ਸੂਬਾ ਪ੍ਰਧਾਨ ਬੀ.ਕੇ.ਯੂ ਮਝੈਲ ਨੇ ਦੱਸਿਆ ਕਿ ਹਾਜ਼ਰ ਸਾਥੀਆਂ ਨੇ ਮੋਦੀ ਸਰਕਾਰ ਵਲੋਂ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਨਾਲ ਕੀਤੇ ਜਾ ਰਹੇ ਕਰ ਮੁਕਤ ਵਪਾਰ ਸਮਝੌਤਿਆਂ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕਿਸਾਨ ਵਿਰੋਧੀ ਕਰ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਕਰਦੀ ਹੈ ਤਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵਲੋਂ ਸਮਝੌਤੇ ਦੇ ਅਗਲੇ ਹੀ ਦਿਨ ਪੂਰੇ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁਤਲੇ ਫ਼ੂਕ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਦੇਸ਼ ਵਿਆਪੀ ਵੱਡੇ ਕਿਸਾਨ ਅੰਦੋਲਨ ਦਾ ਬਿਗਲ ਵਜਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦਾ ਕਿਸਾਨ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ ’ਤੇ ਕਿਸਾਨੀ ਨੂੰ ਬਚਾਉਣ ਲਈ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਏਕਤਾ ਸਮੇਂ ਦੀ ਮੁੱਖ ਲੋੜ ਹੈ। ਜਿਸ ਲਈ ਐਸ.ਕੇ.ਐਮ ਗੈਰ ਸਿਆਸੀ ਵਲੋਂ ਫਰਵਰੀ ਮਹੀਨੇ ਤੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਯਤਨ ਅੱਗੇ ਵੀ ਜਾਰੀ ਰਹਿਣਗੇ। ਮੀਟਿੰਗ ਵਿਚ ਐਲਾਨ ਕੀਤਾ ਗਿਆ ਕਿ ਐੱਸ.ਕੇ.ਐੱਮ ਗੈਰ ਸਿਆਸੀ ਪੰਜਾਬ ਵਲੋਂ 17 ਜੁਲਾਈ ਨੂੰ ਤਰਨ ਤਾਰਨ ਵਿਖੇ ਵਿਸ਼ਾਲ ਕਿਸਾਨ ਕਨਵੈੱਨਸ਼ਨ ਕਰਵਾਈ ਜਾਵੇਗੀ। ਜਿਸ ਵਿਚ ਕਰ ਮੁਕਤ ਵਪਾਰ ਸਮਝੌਤਿਆਂ ਸਮੇਤ ਕਿਸਾਨੀ ਦੀਆਂ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਵੱਡੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ ਅਤੇ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਖਾਦ, ਡੀਜ਼ਲ, ਤੇਲ ਅਤੇ ਰਸੋਈ ਗੈੱਸ ਦੀਆਂ ਵਧਦੀਆਂ ਕੀਮਤਾਂ ਨੇ ਕਿਸਾਨਾਂ ਨੂੰ ਹੋਰ ਆਰਥਿਕ ਤੰਗੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਐੱਮ.ਐੱਸ.ਪੀ ਖ਼ਰੀਦ ਗਾਰੰਟੀ ਕਾਨੂੰਨ, ਸੰਪੂਰਨ ਕਰਜ਼ਾ ਮੁਕਤੀ ਅਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਫ਼ਸਲਾਂ ਦੇ ਭਾਅ ਦੇਣ ਸਮੇਤ ਸਾਰੀਆਂ ਬਕਾਇਆ ਮੰਗਾਂ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਸੁੱਚਾ ਸਿੰਘ ਲੱਧੂ, ਮੁਖ਼ਤਿਆਰ ਸਿੰਘ ਉਗਰੇਵਾਲ, ਮਨਜੀਤ ਸਿੰਘ ਬਾਜਵਾ, ਕੁਲਦੀਪ ਸਿੰਘ ਖ਼ਿਆਲਾ, ਦਲਵਿੰਦਰ ਸਿੰਘ ਕਾਕੜਾ, ਨਰਿੰਦਰ ਪਾਲ ਸਿੰਘ ਭੰਗੂ, ਜੇ.ਐੱਸ. ਰੰਧਾਵਾ, ਮਨਜੀਤ ਸਿੰਘ ਸੰਧੂ, ਰਣਜੀਤ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਧਰਮ ਪਾਲ ਚੁੱਘ ਬਣੇ ਨਗਰ ਕੌਂਸਲ ਜ਼ੀਰਾ ਦੇ 23ਵੇਂ ਪ੍ਰਧਾਨ ਅਗਲੀ ਖ਼ਬਰ ਡੇਅਰੀ ਫਾਰਮਰਾਂ ਨੂੰ ਕੁਸ਼ਲ ਮੈਨੇਜਰ ਬਣਾਉਣ ਲਈ ਡੇਅਰੀ ਉੱਦਮ ਸਿਖਲਾਈ ਕੋਰਸ 6 ਤੋਂ
Ad Position 24