ਫ਼ਿਰੋਜ਼ਪੁਰ, 27 ਜੂਨ (ਕੁਲਬੀਰ ਸਿੰਘ ਸੋਢੀ)-0 ਤੋਂ 5 ਸਾਲ ਦੇ ਬੱਚਿਆਂ ਨੂੰ ਪਲੱਸ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਅੱਜ ਤੋਂ ਦੇਸ਼ ਭਰ ਵਿਚ 3 ਦਿਨਾਂ ਪਲਸ ਪੋਲੀਓ ਮੁਹਿੰਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਲੜੀ ਅਧੀਨ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਸਿਵਲ ਸਰਜਨ ਡਾ.ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ ਹੇਠ ਟੀਮਾਂ ਨੂੰ ਗਠਿਤ ਕੀਤਾ ਗਿਆ ਹੈ। ਘਰ-ਘਰ ਜਾ ਕੇ 5 ਸਾਲ ਤੱਕ ਉਮਰ ਦੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਉਣਗੀਆਂ। ਜਾਣਕਾਰੀ ਸਾਂਝੀ ਕਰਦੇ ਹੋਏ ਸੀਨੀਅਰ ਮੈਡੀਕਲ ਅਧਿਕਾਰੀ ਨਿਖਿਲ ਗੁਪਤਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਅੰਦਰ 5 ਸਾਲ ਤੱਕ ਉਮਰ ਦੇ ਬੱਚਿਆਂ ਦੀ ਗਿਣਤੀ 23980 ਹੈ, ਜਿਨ੍ਹਾਂ ਨੂੰ ਘਰ-ਘਰ ਜਾ ਕੇ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਏਰੀਏ ਵਿਚ ਬੂਥਾਂ ’ਤੇ ਬੈਠ ਕੇ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਬਾਕੀ ਦੋ ਦਿਨ ਘਰਾਂ ਵਿਚ ਜਾ ਕੇ ਜਿਹੜੇ ਬੱਚੇ ਰਹਿ ਜਾਣਗੇ ਉਨ੍ਹਾਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ। ਜਿਸ ਲਈ 107 ਟੀਮਾਂ ਲਗਾਈਆਂ ਗਈਆਂ ਹਨ ਅਤੇ ਚਾਰ ਟਰਾਂਜ਼ਿਟ ਟੀਮਾਂ ਲਗਾਈਆਂ ਜਾਣਗੀਆਂ, ਜੋ ਬੱਸ ਸਟੈਂਡ, ਰੇਲਵੇ ਸਟੇਸ਼ਨ, ਸਿਵਲ ਹਸਪਤਾਲ ਫ਼ਿਰੋਜ਼ਪੁਰ ਅਤੇ ਹੋਰ ਥਾਵਾਂ ਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੇ, ਇਸ ਦੇ ਨਾਲ ਇਕ ਮੋਬਾਈਲ ਟੀਮ ਲਗਾਈ ਜਾਵੇਗੀ ਜੋ ਕਿ ਝੁੱਗੀਆਂ ਝੋਂਪੜੀਆਂ ਅਤੇ ਹੋਰ ਜਿੱਥੇ ਪ੍ਰਵਾਸੀ ਭਾਰਤੀ ਰਹਿੰਦੇ ਹਨ। ਉਨ੍ਹਾਂ ਥਾਵਾਂ ’ਤੇ ਪਹੁੰਚ ਕਰਕੇ ਛੋਟੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਡਾਕਟਰ ਨਿਖਿਲ ਨੇ ਦੱਸਿਆ ਕਿ 20 ਦੇ ਕਰੀਬ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ਼ ਦੇ ਸੁਪਰਵਾਈਜ਼ਰ ਲਗਾਏ ਗਏ ਹਨ। ਉਨ੍ਹਾਂ ਸਮੂਹ ਸਿਹਤ ਵਿਭਾਗ ਦੀਆਂ ਟੀਮਾਂ, ਸੁਪਰਵਾਈਜ਼ਰਾਂ, ਸਟਾਫ਼ ਨਰਸਾਂ, ਏ.ਐੱਨ.ਐੱਮ., ਆਸ਼ਾ ਵਰਕਰਾਂ ਅਤੇ ਹੋਰ ਸਹਿਯੋਗੀ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦਾ ਪੂਰਾ ਸਹਿਯੋਗ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਪੰਜ ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਪਲਸ ਪੋਲਿਓ ਦੀਆਂ ਦੋ ਬੂੰਦਾਂ ਤੋਂ ਵਾਂਝਾ ਨਾ ਰਹੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਨੂੰ ਪੂਰਾ ਕਰਨ ਲਈ ਡਾ. ਸ਼ਿਫਾ, ਡਾ.ਸਿਮਰਨ, ਡਾ.ਰਿਸ਼ਭ, ਸੰਗੀਤਾ ਪਾਸੀ, ਨਰਿੰਦਰ ਸ਼ਰਮਾ, ਪੁਨੀਤ ਮਹਿਤਾ, ਮਨਦੀਪ ਚਾਵਲਾ, ਸੁਖਜਿੰਦਰ ਕੌਰ, ਗੀਤਾ ਰਾਣੀ ਆਦਿ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।