ਫ਼ਿਰੋਜ਼ਪੁਰ, 27 ਜੂਨ (ਗੁਰਿੰਦਰ ਸਿੰਘ)-ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਦਿ ਕਲਗ਼ੀਧਰ ਟਰੱਸਟ ਵਲੋਂ ਚਲਾਈਆਂ ਜਾ ਰਹੀਆਂ 121 ਅਕਾਲ ਅਕੈਡਮੀਆਂ ਦੇ 15 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਇਕੋ ਸਮੇਂ ਅਸੀਂ ਨਸ਼ਾ ਮੁਕਤ ਹਾਂ ਦੀ ਮਨੁੱਖੀ ਅੱਖਰ ਰਚਨਾ ਕਰਕੇ ਨਸ਼ਾ-ਮੁਕਤ ਸਮਾਜ ਦਾ ਸੰਦੇਸ਼ ਦਿੱਤਾ। ਟਰੱਸਟ ਦੇ ਪੀ.ਆਰ.ਓ ਜਤਿੰਦਰ ਸਿੰਘ ਨੇ ਦੱਸਿਆ ਕਿ ਇਹ ਉਪਰਾਲਾ ਵਰਲਡ ਬੁੱਕ ਆਫ਼ ਰਿਕਾਰਡਜ਼, ਲੰਡਨ ਵਿਚ ਦਰਜ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਪੰਜ ਅਕਾਲ ਅਕੈਡਮੀਆਂ ਦੇ ਕੁੱਲ 527 ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਮੁਹਿੰਮ ਵਿਚ ਉਤਸ਼ਾਹ ਨਾਲ ਭਾਗ ਲਿਆ। ਅਕਾਲ ਅਕੈਡਮੀ ਬਹਿਕ ਫੱਤੂ ਤੋਂ 200, ਭੜਕਣਾ ਤੋਂ 60, ਬਸਤੀ ਵਸਾਵਾਂ ਸਿੰਘ ਤੋਂ 40, ਨਵਾਂ ਕਿਲ੍ਹਾ ਤੋਂ 60 ਅਤੇ ਰੱਤਾ ਖੇੜਾ ਤੋਂ 167 ਵਿਦਿਆਰਥੀਆਂ ਨੇ ਆਪਣੇ ਕੈਂਪਸਾਂ ਵਿਚ ਮਨੁੱਖੀ ਅੱਖਰ ਰਚਨਾ ਤਿਆਰ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਲਿਆ। ਅਕਾਲ ਅਕੈਡਮੀ ਬਹਿਕ ਫੱਤੂ ਦੀ ਪ੍ਰਿੰਸੀਪਲ ਮਨਦੀਪ ਕੌਰ ਨੇ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਵਿਚ ਨਸ਼ਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਿਹਤਮੰਦ ਤੇ ਮੁੱਲ-ਅਧਾਰਿਤ ਜੀਵਨ ਵੱਲ ਪ੍ਰੇਰਿਤ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਅਕੈਡਮੀਆਂ ਵਿਚ ਸਾਲ ਭਰ ਨਸ਼ਾ ਰੋਕਥਾਮ, ਕੌਂਸਲਿੰਗ ਅਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਸਕੂਲਾਂ ਨੂੰ ਨਸ਼ਾ-ਮੁਕਤ ਕੈਂਪਸ ਬਣਾਈ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਦਿ ਕਲਗ਼ੀਧਰ ਟਰੱਸਟ ਸਮਾਜਿਕ ਜਾਗਰੂਕਤਾ ਅਤੇ ਨਸ਼ਾ ਰੋਕਥਾਮ ਲਈ ਲਗਾਤਾਰ ਅਜਿਹੀਆਂ ਮੁਹਿੰਮਾਂ ਚਲਾ ਰਿਹਾ ਹੈ। ਅਕਾਲ ਅਕੈਡਮੀਆਂ ਦੇ ਵਿਦਿਆਰਥੀ ਪਹਿਲਾਂ ਵੀ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਮੁਹਿੰਮਾਂ ਰਾਹੀਂ ਦੋ ਵਿਸ਼ਵ ਰਿਕਾਰਡ ਅਤੇ ਇਕ ਲਿਮਕਾ ਬੁੱਕ ਆਫ਼ ਰਿਕਾਰਡਜ਼ ਸਨਮਾਨ ਹਾਸਲ ਕਰ ਚੁੱਕੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਨਸ਼ਾ-ਮੁਕਤ ਭਾਰਤ ਦੀ ਸਿਰਜਣਾ ਲਈ ਆਪਣਾ ਯੋਗਦਾਨ ਪਾਉਣ ਅਤੇ ਸਮਾਜ ਵਿਚ ਜਾਗਰੂਕਤਾ ਫੈਲਾਉਣ ਦਾ ਅਹਿਦ ਵੀ ਦੁਹਰਾਇਆ।