03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪਿੰਡ ਚੂਚਕਵਿੰਡ ’ਚ ਚੋਰ ਦਾ ਖ਼ੌਫ਼ਨਾਕ ਕਾਰਾ ਪਹਿਲਾਂ ਲੁੱਟਿਆ ਘਰ, ਫਿਰ ਸਬੂਤ ਮਿਟਾਉਣ ਲਈ ਲਗਾਈ ਅੱਗ, ਲੱਖਾਂ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 05-07-2026
ਖੋਸਾ ਦਲ ਸਿੰਘ, 4 ਜੁਲਾਈ(ਮਨਪ੍ਰੀਤ ਸਿੰਘ ਸੰਧੂ)-ਨੇੜਲੇ ਪਿੰਡ ਚੂਚਕਵਿੰਡ (ਛੂਛਕ) ਤੋਂ ਇਕ ਬੇਹੱਦ ਖ਼ੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਅਣਪਛਾਤੇ ਨਕਾਬਪੋਸ਼ ਲੁਟੇਰੇ ਵਲੋਂ ਇਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਬੇਖ਼ੌਫ਼ ਚੋਰ ਨੇ ਨਾ ਸਿਰਫ਼ ਘਰ ’ਚੋਂ ਲੱਖਾਂ ਦੀ ਨਕਦੀ, ਗਹਿਣੇ ਅਤੇ ਕੀਮਤੀ ਸਾਮਾਨ ਚੋਰੀ ਕੀਤਾ, ਸਗੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਪੂਰੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਅਗਨੀ ਕਾਂਡ ਕਾਰਨ ਪੀੜਤ ਪਰਿਵਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਘਰ ਦਾ ਇਕ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਕਾਨ ਮਾਲਕ ਦਰਸ਼ਨ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚੂਚਕਵਿੰਡ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਪੂਰੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿਚ ਗਏ ਹੋਏ ਸਨ ਅਤੇ ਘਰ ਸੁੰਨਾ ਸੀ। ਰਾਤ ਦੇ ਕਰੀਬ 2 ਵਜੇ ਪਿੰਡ ਦੇ ਹੀ ਇਕ ਵਿਅਕਤੀ ਨੇ ਉਨ੍ਹਾਂ ਨੂੰ ਫ਼ੋਨ ਰਾਹੀਂ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਘਰ ’ਚੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲ ਰਹੀਆਂ ਹਨ । ਸੂਚਨਾ ਮਿਲਦਿਆਂ ਹੀ ਜਦੋਂ ਪਰਿਵਾਰ ਤੁਰੰਤ ਮੌਕੇ ’ਤੇ ਪਹੁੰਚਿਆ ਤਾਂ ਘਰ ਅੱਗ ਦੀ ਲਪੇਟ ਵਿਚ ਸੀ। ਘਰ ਨੂੰ ਅੱਗ ਲੱਗੀ ਦੇਖ ਕੇ ਪਿੰਡ ਵਿਚ ਅਫਰਾ-ਤਫਰੀ ਮਚ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜ਼ੀਰਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੁਲਾਜ਼ਮਾਂ ਨੇ ਸਖ਼ਤ ਮੁਸ਼ੱਕਤ ਅਤੇ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਅੱਗ ਇੰਨੀ ਭਿਆਨਕ ਸੀ ਕਿ ਘਰ ਦੇ ਅੰਦਰ ਪਿਆ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਅਤੇ ਗਰਮੀ ਕਾਰਨ ਇਕ ਕਮਰੇ ਦੀ ਛੱਤ ਵੀ ਹੇਠਾਂ ਡਿੱਗ ਪਈ। ਜਦੋਂ ਪੀੜਤ ਪਰਿਵਾਰ ਵਲੋਂ ਘਰ ’ਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਤਾਂ ਹੋਸ਼ ਉਡਾਉਣ ਵਾਲਾ ਸੱਚ ਸਾਹਮਣੇ ਆਇਆ। ਫੁਟੇਜ ਵਿਚ ਦੇਖਿਆ ਗਿਆ ਕਿ ਰਾਤ 12 ਵਜੇ ਇਕ ਅਣਪਛਾਤਾ ਵਿਅਕਤੀ ਮੂੰਹ ਢੱਕ ਕੇ ਅਤੇ ਹੱਥ ਵਿਚ ਤੇਜ਼ਧਾਰ ਤਲਵਾਰ ਫੜ ਕੇ ਕੰਧ ਟੱਪ ਕੇ ਘਰ ਅੰਦਰ ਦਾਖਲ ਹੁੰਦਾ ਹੈ। ਮੁਲਜ਼ਮ ਨੇ ਘਰ ਦੇ ਜਿੰਦਰੇ ਤੋੜੇ ਅਤੇ ਅੰਦਰ ਵੜਦਿਆਂ ਹੀ ਸਭ ਤੋਂ ਪਹਿਲਾਂ ਸੀ.ਸੀ.ਟੀ.ਵੀ ਕੈਮਰੇ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਵਿਚ ਨਾਕਾਮ ਰਿਹਾ। ਫਰਾਰ ਹੁੰਦੇ ਸਮੇਂ ਵਾਰਦਾਤ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਚੋਰ ਦੇ ਹੱਥਾਂ ਵਿਚ ਦੋ ਵੱਡੇ ਬੈਗ ਫੜੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਦਰਸ਼ਨ ਸਿੰਘ ਅਨੁਸਾਰ ਉਕਤ ਲੁਟੇਰਾ ਘਰ ਦੇ ਸਾਰੇ ਕਮਰਿਆਂ ਦੀ ਫਰੋਲਾ-ਫਰਾਲੀ ਕਰਕੇ ਕਰੀਬ 17 ਤੋਲੇ ਸੋਨੇ ਦੇ ਗਹਿਣੇ, ਲਗਭਗ 5 ਲੱਖ ਰੁਪਏ ਕੈਸ਼, ਇਕ ਕੀਮਤੀ ਲੈਪਟਾਪ ਅਤੇ ਇਕ ਆਈਫ਼ੋਨ ਅਤੇ ਪਰਿਵਾਰ ਦੇ ਬਹੁਤ ਹੀ ਜ਼ਰੂਰੀ ਅਤੇ ਸਰਕਾਰੀ ਦਸਤਾਵੇਜ਼ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਪਛਾਣ ਅਤੇ ਸਬੂਤ ਮਿਟਾਉਣ ਲਈ ਘਰ ਦੇ ਸਾਰੇ ਕਮਰਿਆਂ ਨੂੰ ਅੱਗ ਲਗਾ ਦਿੱਤੀ। ਦਰਸ਼ਨ ਸਿੰਘ ਨੇ ਕਿਹਾ ਕਿ ਸਾਡੀ ਉਮਰ ਭਰ ਦੀ ਕਮਾਈ ਸੜ ਕੇ ਸੁਆਹ ਹੋ ਗਈ ਹੈ। ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਅਸੀਂ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ। ਇਸ ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਵਲੋਂ ਤੁਰੰਤ ਚੌਂਕੀ ਖੋਸਾ ਦਲ ਸਿੰਘ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਮੌਕੇ ’ਤੇ ਪਹੁੰਚੇ ਚੌਂਕੀ ਇੰਚਾਰਜ ਦਰਸ਼ਨ ਲਾਲ ਨੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਦੀ ਪਛਾਣ ਜਲਦ ਕਰ ਲਈ ਜਾਵੇਗੀ ਅਤੇ ਉਸ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਪੋਲਿੰਗ ਪਾਰਟੀਆਂ ਰਵਾਨਾ, ਪ੍ਰਸ਼ਾਸਨ ਵਲੋਂ ਮੁਕੰਮਲ ਤਿਆਰੀਆਂ-ਰਿਟਰਨਿੰਗ ਅਫ਼ਸਰ ਹਰਦੀਪ ਸਿੰਘ ਅਗਲੀ ਖ਼ਬਰ 17 ਸਾਲਾਂ ਸਟੇਟ ਐਵਾਰਡੀ ਅਪੇਕਸ਼ਾ ਨੇ ਵਿਦਿਆਰਥੀਆਂ ਲਈ ਗਣਿਤ ਬਣਾਇਆ ਦਿਲਚਸਪ
Ad Position 24
No active advertisement