ਫ਼ਿਰੋਜ਼ਪੁਰ,7 ਜੁਲਾਈ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਸ਼ਹਿਰ ਦੇ ਅੰਮ੍ਰਿਤਸਰੀ ਗੇਟ ਫੀਡਰ ਅਧੀਨ ਪੈਂਦੇ ਚੁੰਗੀ ਖ਼ਾਨਾ ਰੋਡ ਖੇਤਰ ਦੇ ਨਿਵਾਸੀ ਪਿਛਲੇ ਕਾਫ਼ੀ ਸਮੇਂ ਤੋਂ ਲਗਾਤਾਰ ਅਤੇ ਲੰਬੇ ਸਮੇਂ ਦੇ ਲੱਗਦੇ ਬਿਜਲੀ ਕੱਟਾਂ ਕਾਰਨ ਬੇਹੱਦ ਪ੍ਰੇਸ਼ਾਨ ਹੋ ਚੁੱਕੇ ਹਨ। ਇਸ ਗੰਭੀਰ ਸਮੱਸਿਆ ਦੇ ਹੱਲ ਲਈ ਇਲਾਕਾ ਨਿਵਾਸੀਆਂ ਵਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਾਰਜਕਾਰੀ ਇੰਜੀਨੀਅਰ ਨੂੰ ਇਕ ਲਿਖਤੀ ਸ਼ਿਕਾਇਤ ਪੱਤਰ ਸੌਂਪਿਆ ਗਿਆ ਹੈ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਖੇਤਰ ਵਿਚ ਰੋਜ਼ਾਨਾ ਪਹਿਲਾਂ ਲਗਭਗ ਡੇਢ ਘੰਟੇ ਦਾ ਬਿਜਲੀ ਕੱਟ ਲਗਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ‘‘ਰਿਪੇਅਰ ਪਰਮਿਟ’’ ਦੇ ਨਾਮ ’ਤੇ ਕਈ-ਕਈ ਘੰਟੇ ਬਿਜਲੀ ਬੰਦ ਰੱਖੀ ਜਾਂਦੀ ਹੈ। ਜਿਸ ਕਰਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਵਾਰ ਇਹ ਕੱਟ 5 ਤੋਂ 6 ਘੰਟੇ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਚੱਲਦਾ ਹੈ। ਜਿਸ ਨਾਲ ਆਮ ਜਨਤਾ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਕਾਰੋਬਾਰ ਵੱਡੇ ਪੱਧਰ ’ਤੇ ਪ੍ਰਭਾਵਿਤ ਹੋ ਰਹੇ ਹਨ। ਵਫ਼ਦ ਮੈਂਬਰਾਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਸਭ ਤੋਂ ਵੱਡੀ ਮੁਸ਼ਕਲ ਉਦੋਂ ਖੜ੍ਹੀ ਹੁੰਦੀ ਹੈ ਜਦੋਂ ਪਾਣੀ ਦੀ ਸਪਲਾਈ ਦੇ ਸਮੇਂ ਬਿਜਲੀ ਗੁੱਲ ਹੋ ਜਾਂਦੀ ਹੈ। ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਰਾਤ ਦੇ ਸਮੇਂ ਵੀ 4 ਤੋਂ 5 ਘੰਟੇ ਲਗਾਤਾਰ ਬਿਜਲੀ ਬੰਦ ਰਹਿਣ ਕਾਰਨ ਛੋਟੇ ਬੱਚਿਆਂ, ਬਜ਼ੁਰਗਾਂ, ਮਰੀਜ਼ਾਂ ਅਤੇ ਨੌਕਰੀਪੇਸ਼ਾ ਲੋਕਾਂ ਦੀ ਨੀਂਦ ਖ਼ਰਾਬ ਹੋ ਰਹੀ ਹੈ। ਇਸ ਦੇ ਨਾਲ ਬਿਜਲੀ ਨਾ ਹੋਣ ਕਾਰਨ ਘਰਾਂ ਵਿਚ ਫ਼ਰਿਜਾਂ ਅੰਦਰ ਰੱਖੇ ਦੁੱਧ, ਸਬਜ਼ੀਆਂ ਅਤੇ ਦਵਾਈਆਂ ਖ਼ਰਾਬ ਹੋ ਰਹੀਆਂ ਹਨ। ਜਿਸ ਨਾਲ ਲੋਕਾਂ ਦਾ ਆਰਥਿਕ ਨੁਕਸਾਨ ਵੀ ਵੱਡੇ ਪੱਧਰ ’ਤੇ ਹੋ ਰਿਹਾ ਹੈ। ਲੋਕਾਂ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ ਦੀ ਪੜ੍ਹਾਈ, ਘਰੇਲੂ ਕੰਮ ਅਤੇ ਵਪਾਰਕ ਗਤੀਵਿਧੀਆਂ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈਆਂ ਹਨ । ਮੁਹੱਲਾ ਨਿਵਾਸੀਆਂ ਨੇ ਐਕਸੀਅਨ ਤੋਂ ਮੰਗ ਕੀਤੀ ਹੈ ਕਿ ਬਿਜਲੀ ਦੇ ਇਸ ਗੈਰ-ਜ਼ਰੂਰੀ ਕੱਟਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਜੇਕਰ ਮੁਰੰਮਤ ਦਾ ਕੰਮ ਜ਼ਰੂਰੀ ਹੋਵੇ, ਤਾਂ ਉਸ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਬਿਜਲੀ ਵਿਵਸਥਾ ਦੇ ਸਥਾਈ ਹੱਲ ਦੀ ਅਪੀਲ ਕੀਤੀ ਹੈ ਤਾਂ ਜੋ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ।