ਮੁੱਦਕੀ, 16 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਬੀਤੀ ਰਾਤ ਪਿੰਡ ਚੰਦੜ ਨਜ਼ਦੀਕ ਵਾਪਰੇ ਸੜਕ ਹਾਦਸੇ ’ਚ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਆਪਣੀ ਇਲੈਕਟ੍ਰਿਕ ਸਕੂਟਰੀ ’ਤੇ ਸਵਾਰ ਹੋ ਕੇ ਰਾਤ ਕਰੀਬ 8 ਵਜੇ ਮੁੱਦਕੀ ਤੋਂ ਪਿੰਡ ਚੰਦੜ ਨੂੰ ਆ ਰਿਹਾ ਸੀ ਕਿ ਅੱਗੋਂ ਆ ਰਹੇ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ਬਰਦਸਤ ਸੀ ਕਿ ਸਕੂਟਰੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਹਾਦਸੇ ’ਚ ਸਕੂਟਰੀ ਸਵਾਰ ਨੌਜਵਾਨ ਕਿਰਪਾਲ ਸਿੰਘ ਉਰਫ਼ ਪਾਲੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਚੰਦੜ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਥਾਨਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਮਾਪਿਆਂ ਦਾ ਇੱਕੋ-ਇੱਕ ਸਹਾਰਾ ਸੀ ਅਤੇ ਅਜੇ ਕੁਆਰਾ ਹੀ ਸੀ।