ਗੁਰੂਹਰਸਹਾਏ, 20 ਜੁਲਾਈ (ਕਪਿਲ ਕੰਧਾਰੀ)-ਬੇਰ ਸਾਹਿਬ ਕੋਲ ਸਥਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਦੇ 6 ਵਿਦਿਆਰਥੀ ਸੋਮਵਾਰ ਸਵੇਰੇ ਘਰੋਂ ਸਕੂਲ ਜਾਣ ਲਈ ਨਿਕਲੇ, ਪਰ ਸਕੂਲ ਨਾ ਪਹੁੰਚ ਕੇ ਘੁੰਮਦੇ-ਘੁੰਮਦੇ ਕਰੀਬ 11 ਵਜੇ ਸ਼ਹਿਰ ਦੇ ਪ੍ਰਸਿੱਧ ਮਾਤਾ ਜੱਜਲ ਵਾਲੀ ਮੰਦਰ ਵਿਚ ਪਹੁੰਚ ਗਏ। ਉੱਥੇ ਉਹ ਸਹਿਮੇ ਹੋਏ ਇਕ ਪਾਸੇ ਬੈਠੇ ਸਨ। ਇਸ ਦੌਰਾਨ ਹਰ ਰੋਜ਼ ਮੰਦਰ ਵਿਚ ਮੱਥਾ ਟੇਕਣ ਆਉਣ ਵਾਲੇ ਸਮਾਜ ਸੇਵੀ ਵਿੱਕੀ ਆਵਲਾ ਦੀ ਨਜ਼ਰ ਇਨ੍ਹਾਂ ਬੱਚਿਆਂ ’ਤੇ ਪਈ। ਉਨ੍ਹਾਂ ਨੇ ਦੇਖਿਆ ਕਿ ਬੱਚਿਆਂ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਅਤੇ ਉਨ੍ਹਾਂ ਦੇ ਮੋਢਿਆਂ ’ਤੇ ਸਕੂਲੀ ਬੈਗ ਸਨ। ਵਿੱਕੀ ਆਵਲਾ ਨੇ ਪਿਆਰ ਨਾਲ ਬੱਚਿਆਂ ਨਾਲ ਗੱਲਬਾਤ ਕੀਤੀ। ਪਹਿਲਾਂ ਤਾਂ ਬੱਚਿਆਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਭਰੋਸਾ ਦੇਣ ’ਤੇ ਉਨ੍ਹਾਂ ਨੇ ਦੱਸਿਆ ਕਿ ਉਹ ਸਕੂਲ ਦੇਰ ਨਾਲ ਪਹੁੰਚੇ ਸਨ। ਉਨ੍ਹਾਂ ਨੂੰ ਲੱਗਾ ਕਿ ਸਕੂਲ ਦਾ ਗੇਟ ਬੰਦ ਹੋ ਗਿਆ ਹੈ ਅਤੇ ਡਾਂਟ ਪਵੇਗੀ, ਇਸ ਡਰ ਕਾਰਨ ਉਹ ਸਕੂਲ ਜਾਣ ਦੀ ਬਜਾਏ ਸ਼ਹਿਰ ਵਿਚ ਘੁੰਮਦੇ ਰਹੇ ਅਤੇ ਆਖ਼ਿਰ ਮੰਦਰ ਆ ਕੇ ਬੈਠ ਗਏ। ਉਸ ਤੋਂ ਬਾਦ ਤੁਰੰਤ ਸਕੂਲ ਪ੍ਰਬੰਧਕਾਂ ਨਾਲ ਫ਼ੋਨ ’ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਣ ’ਤੇ ਸਕੂਲ ਪ੍ਰਬੰਧਕ ਰਜਿੰਦਰ ਸਿੰਘ ਅਤੇ ਕਿਰਪਾਲ ਮੰਦਰ ਪਹੁੰਚੇ। ਉਨ੍ਹਾਂ ਨੇ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਸਕੂਲ ਪਹੁੰਚਣ ’ਤੇ ਕਿਸੇ ਲੜਕੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਹੁਣ ਦੇਰ ਹੋਣ ਕਾਰਨ ਡਾਂਟ ਪਵੇਗੀ। ਇਸ ਡਰ ਕਾਰਨ ਉਹ ਵਾਪਸ ਮੁੜ ਗਏ ਅਤੇ ਸ਼ਹਿਰ ਵਿਚ ਘੁੰਮਦੇ ਘੁੰਮਦੇ ਮੰਦਿਰ ਆ ਗਏ । ਇਸ ਤੋਂ ਬਾਅਦ ਰਜਿੰਦਰ ਸਿੰਘ ਅਤੇ ਕਿਰਪਾਲ ਬੱਚਿਆਂ ਨੂੰ ਆਪਣੀ ਕਾਰ ਰਾਹੀਂ ਸਕੂਲ ਲੈ ਗਏ।