ਫ਼ਿਰੋਜ਼ਪੁਰ, 21 ਜੁਲਾਈ (ਰਾਕੇਸ਼ ਚਾਵਲਾ)-ਐੱਲ.ਏ.ਡੀ.ਸੀ. (ਲੀਗਲ ਏਡ ਡਿਫੈਂਸ ਕੌਂਸਲ) ਨੀਤੀ ਦੇ ਵਿਰੋਧ ਵਿਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਵਲੋ ਦੂਜੇ ਦਿਨ ਭੁੱਖ ਹੜਤਾਲ ਜਾਰੀ ਰੱਖਦੇ ਹੋਏ ਵਿਰੋਧ ਪ੍ਰਦਰਸ਼ਨ ਕਰਕੇ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਦੱਸਣਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਯੂ.ਟੀ. ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਦੇ ਵਕੀਲ ਸੋਮਵਾਰ ਤੋਂ ਭੁੱਖ ਹੜਤਾਲ ’ਤੇ ਹਨ। ਬਾਰ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਐੱਲ.ਏ.ਡੀ.ਸੀ. ਨੀਤੀ ਦੇ ਵਿਰੋਧ ਵਜੋਂ ਹਰ ਰੋਜ਼ ਪੰਜ ਵਕੀਲ ਵਾਰੀ-ਵਾਰੀ ਭੁੱਖ ਹੜਤਾਲ ’ਤੇ ਬੈਠਣਗੇ। ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਐੱਲ.ਏ.ਡੀ.ਸੀ. ਨੀਤੀ ਨੂੰ ਵਾਪਸ ਜਾਂ ਸਮਾਪਤ ਨਹੀਂ ਕੀਤਾ ਜਾਂਦਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਮੀਤ ਪ੍ਰਧਾਨ ਜੋਬਨਜੀਤ ਸਿੰਘ ਸੰਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਨੇ ਕਿਹਾ ਕਿ ਸਾਂਝੀ ਸੰਘਰਸ਼ ਕਮੇਟੀ ਵਲੋਂ ਪਾਸ ਕੀਤੇ ਗਏ ਸਾਰੇ ਮਤਿਆਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘‘ਨੋ ਵਰਕ ਡੇ’’ ਅੰਦੋਲਨ ਦੇ ਨਾਲ-ਨਾਲ ਭੁੱਖ ਹੜਤਾਲ ਵੀ ਲਗਾਤਾਰ ਜਾਰੀ ਰਹੇਗੀ ਅਤੇ ਵਕੀਲ ਭਾਈਚਾਰਾ ਐੱਲ.ਏ.ਡੀ.ਸੀ. ਨੀਤੀ ਦੀ ਵਾਪਸੀ ਤੱਕ ਆਪਣਾ ਸੰਘਰਸ਼ ਜਾਰੀ ਰੱਖੇਗਾ। ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਐੱਲ.ਏ.ਡੀ.ਸੀ. ਨੀਤੀ ਦੀ ਵਾਪਸੀ ਤੱਕ ‘‘ਕੰਮ ਬੰਦ’’ ਅੰਦੋਲਨ, ਭੁੱਖ ਹੜਤਾਲ ਅਤੇ ਹੋਰ ਸੰਘਰਸ਼ੀ ਪ੍ਰੋਗਰਾਮ ਪੂਰੀ ਦ੍ਰਿੜ੍ਹਤਾ ਨਾਲ ਜਾਰੀ ਰਹਿਣਗੇ।