ਛਾਉਣੀ ਦੇ ਮਦਾਨ ਸਵੀਟਸ ’ਚ ਨੌਜਵਾਨ ਦੀ ਮਿਲੀ ਲਾਸ਼ ਮ੍ਰਿਤਕ ਦੇ ਪਰਵਾਰਿਕ ਮੈਂਬਰਾਂ ਨੇ ਧਰਨਾ ਦੇ ਕੇ ਇਨਸਾਫ ਦੀ ਕੀਤੀ ਮੰਗ
ਅਜੀਤ ਡੈਸਕ
22-07-2026
aਫਿਰੋਜ਼ਪੁਰ 21 ਜੁਲਾਈ (ਰਾਕੇਸ਼ ਚਾਵਲਾ)-ਛਾਉਣੀ ਖੇਤਰ ਵਿਚ ਸਥਿਤ ‘ਮਦਾਨ ਸਵੀਟਸ, ਰੈਸਟੋਰੈਂਟ ਅਤੇ ਹੋਟਲ’ ਵਿਚੋਂ ਇਕ 23 ਸਾਲਾ ਨੌਜਵਾਨ ਦੀ ਪੱਖੇ ਨਾਲ ਲਟਕਦੀ ਹੋਈ ਲਾਸ਼ ਮਿਲਣ ਨਾਲ ਇਲਾਕੇ ਵਿਚ ਹੜਕੰਪ ਮੱਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਦੀ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ 23 ਸਾਲਾ ਕੁਲਵੰਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਮਾਛੀਵਾੜਾ ਨੇੜੇ ਬਾਰੇ ਕੇ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕੁਲਵੰਤ ਸਿੰਘ ਵਿਆਹਿਆ ਹੋਇਆ ਸੀ ਅਤੇ ਉਹ ਦੋ ਛੋਟੇ ਬੱਚਿਆਂ ਦਾ ਪਿਓ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਘਟਨਾ ਤੋਂ ਕੁਝ ਚਿਰ ਪਹਿਲਾਂ ਕੁਲਵੰਤ ਸਿੰਘ ਨੂੰ ਮਿਲਣ ਲਈ ਇਕ ਲੜਕੀ ਵੀ ਉੱਥੇ ਆਈ ਸੀ। ਪੁਲਿਸ ਵਲੋਂ ਇਸ ਪਹਿਲੂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਟਲ ਦੇ ਕਮਰੇ ਨੇੜਲੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਅਤੇ ਮ੍ਰਿਤਕ ਦੇ ਮੋਬਾਈਲ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਅਤੇ ਲੜਕੀ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ। ਫ਼ਿਲਹਾਲ ਪੁਲਿਸ ਵਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਮ੍ਰਿਤਕ ਲੜਕੇ ਦੇ ਪਰਿਵਾਰਕ ਮੈਂਬਰਾਂ ਨੇ ਸ਼ਹਿਰ ਦੇ ਪਾਇਲਟ ਚੌਕ ਵਿਖੇ ਧਰਨਾ ਦਿੰਦੇ ਹੋਏ ਰਸਤਾ ਜਾਮ ਕਰ ਇਨਸਾਫ ਦੀ ਮੰਗ ਕੀਤੀ ਅਤੇ ਆਪਣੇ ਲੜਕੇ ਦੀ ਮੌਤ ਨੂੰ ਕਤਲ ਦੱਸਦੇ ਹੋਏ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਪੁਲਿਸ ਤੋਂ ਮੰਗ ਕੀਤੀ।