ਫਿਰੋਜ਼ਪੁਰ, 21 ਜੁਲਾਈ (ਗੁਰਿੰਦਰ ਸਿੰਘ)-ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ 80 ਸਾਲ ਪੂਰੇ ਹੋਣ ਦੇ ਸਬੰਧ ਵਿਚ 25 ਅਤੇ 26 ਜੁਲਾਈ ਨੂੰ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ‘ਬਾਰਡਰ ਐਮ.ਯੂ.ਐਨ. 2.0–ਫਰਾਮ ਬੈਟਲਫੀਲਡ ਟੂ ਬੋਰਡਰੂਮਜ਼’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਾਲ ਦਾ ਵਿਸ਼ਾ ‘ਵਰਲਡ ਇਨ ਕਾਨਫਲਿਕਟ ਫਰਾਮ ਵੈਸਟ ਏਸ਼ੀਆ ਟੂ ਦ ਇੰਡੋ-ਪੈਸਿਫਿਕ’ ਰੱਖਿਆ ਗਿਆ ਹੈ, ਜਿਸ ਤਹਿਤ ਵਿਦਿਆਰਥੀ ਵਿਸ਼ਵ ਪੱਧਰ ਦੇ ਸੰਵੇਦਨਸ਼ੀਲ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਗੇ। ਡੀ.ਸੀ.ਐਮ ਗਰੁੱਪ ਦੇ ਬੁਲਾਰੇ ਵਿਕਰਮਾਦਿਤਿਆ ਸ਼ਰਮਾ ਨੇ ਦੱਸਿਆ ਕਿ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਰਵਾਏ ਜਾ ਰਹੇ ਇਸ ਸਮਾਗਮ ਵਿਚ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਸਮੇਤ ਪੁਣੇ, ਦੁਬਈ, ਆਸਟ੍ਰਰੇਲੀਆ, ਸ਼੍ਰੀ ਗੰਗਾਨਗਰ, ਅੰਬਾਲਾ, ਹਿਸਾਰ, ਪੰਚਕੂਲਾ, ਲੁਧਿਆਣਾ, ਕੋਟਕਪੂਰਾ, ਅੰਮ੍ਰਿਤਸਰ, ਫ਼ਾਜ਼ਿਲਕਾ, ਗੁਰਦਾਸਪੁਰ, ਪਠਾਨਕੋਟ, ਸ਼੍ਰੀ ਮੁਕਤਸਰ ਸਾਹਿਬ ਅਤੇ ਮੋਗਾ ਆਦਿ ਦੇ ਸਕੂਲਾਂ ਦੇ 500 ਤੋਂ ਵੱਧ ਡੈਲੀਗੇਟ ਹਿੱਸਾ ਲੈਣਗੇ। ਸੰਮੇਲਨ ਦੌਰਾਨ ਇਜ਼ਰਾਇਲ–ਹਮਾਸ ਸੰਘਰਸ਼, ਰੂਸ–ਯੁਕਰੇਨ ਯੁੱਧ, ਈਰਾਨ–ਇਜ਼ਰਾਇਲ ਤਣਾਅ, ਚੀਨ–ਤਾਈਵਾਨ ਵਿਵਾਦ ਅਤੇ ਵਿਸ਼ਵ ਸੁਰੱਖਿਆ ਨਾਲ ਜੁੜੇ ਹੋਰ ਮਹੱਤਵਪੂਰਨ ਮੁੱਦਿਆਂ ’ਤੇ ਚਰਚਾ ਹੋਵੇਗੀ। ਇਸ ਲਈ ਸੰਯੁਕਤ ਰਾਸ਼ਟਰ ਮਹਾਂਸਭਾ, ਸੁਰੱਖਿਆ ਕੌਂਸਲ, ਮਨੁੱਖੀ ਅਧਿਕਾਰ ਕੌਂਸਲ, ਡਿਸਆਰਮਾਮੈਂਟ ਐਂਡ ਇੰਟਰਨੈਸ਼ਨਲ ਸਿਕਿਉਰਿਟੀ ਕਮੇਟੀ, ਲੋਕ ਸਭਾ, ਨਾਟੋ ਅਤੇ ਕਰਾਈਸਿਸ ਸਿਮੂਲੇਸ਼ਨ ਸਮੇਤ ਸੱਤ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਹਰ ਕਮੇਟੀ ਵਿਚ ਡੈਲੀਗੇਟ ਕਿਸੇ ਦੇਸ਼ ਦੇ ਪ੍ਰਤੀਨਿਧੀ ਜਾਂ ਆਗੂ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੇ ਤਰਕ ਪੇਸ਼ ਕਰਨਗੇ। ਸਮਾਗਮ ਦੇ ਮੁੱਖ ਸਲਾਹਕਾਰ ਮੁਸਤਫ਼ਾ ਕਪਾਸੀ ਹੋਣਗੇ, ਜਦਕਿ ਲਲਿਤ ਪਰਿੰਜਾ, ਅਦਿੱਤਿਆ ਰਾਜ ਸਿੰਘ ਚੁਡਾਸਮਾ, ਧ੍ਰੁਵਰਾਜ ਸਿੰਘ ਝਾਲਾ, ਸੇਜਨ ਅਗਾਵਨ, ਸਿਧਾਰਥ ਗੁਪਤਾ, ਸ਼੍ਰੇਯ ਜੋਸ਼ੀ ਅਤੇ ਜਾਹਨਵੀ ਕੌਸ਼ਲ ਚੇਅਰਪਰਸਨ ਵਜੋਂ ਜ਼ਿੰਮੇਵਾਰੀ ਨਿਭਾਉਣਗੇ। ਕਨਵੀਨਰ ਸਤੁਤੀ ਸਚਦੇਵਾ ਨੇ ਦੱਸਿਆ ਕਿ ਦੋ ਦਿਨਾਂ ਦੌਰਾਨ ਸੱਤ ਕਮੇਟੀਆਂ ਵਿਚ ਕੁੱਲ 35 ਸੈਸ਼ਨ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦਾ ਉਦੇਸ਼ ਨੌਜਵਾਨਾਂ ਵਿਚ ਕੂਟਨੀਤੀ, ਸੰਵਾਦ, ਲੀਡਰਸ਼ਿਪ ਅਤੇ ਸ਼ਾਂਤੀ ਸਥਾਪਨਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਸਮਾਗਮ ਦੌਰਾਨ ਡੈਲੀਗੇਟਾਂ ਨੂੰ ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ ’ਤੇ ਰਿਟਰੀਟ ਸਮਾਰੋਹ ਦਾ ਦੌਰਾ ਵੀ ਕਰਵਾਇਆ ਜਾਵੇਗਾ।