ਮੁੱਦਕੀ, 21 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਸਫ਼ਾਈ ਸੇਵਕਾਂ ਵਲੋਂ ਮੇਨ ਬਾਜ਼ਾਰ ’ਚ ਭਗਵੰਤ ਸਿੰਘ ਮਾਨ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਮੁੱਦਕੀ ਦੇ ਪ੍ਰਧਾਨ ਦੀਪ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਵਾਮ ਪ੍ਰਤੀ ਸੁਹਿਰਦ ਨਹੀਂ ਹੈ, ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਸਫ਼ਾਈ ਸੇਵਕ ਯੂਨੀਅਨ ਅਤੇ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਮੇਨ ਲੀਡਰਸ਼ਿਪ ਅਤੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਨੁਮਾਇੰਦੇ ਹਾਜ਼ਰ ਹੋਏ, ਪਰ ਇਹ ਗੱਲਬਾਤ ਬੇਨਤੀਜਾ ਨਿੱਕਲੀ। ਇਸ ਮੌਕੇ ਪੰਜਾਬ ਸਰਕਾਰ ਜੋ ਐੱਸ.ਐਮ.ਓ. ਲਗਾਉਣ ਦੀ ਤਿਆਰੀ ਕਰ ਰਹੀ ਹੈ, ਉਸ ਬਾਰੇ ਇਲਾਕਾ ਨਿਵਾਸੀਆਂ ਨੂੰ ਜਾਣੂ ਕਰਵਾਇਆ ਗਿਆ। ਪ੍ਰਧਾਨ ਦੀਪ ਕੁਮਾਰ ਨੇ ਕਿਹਾ ਕਿ ਹੁਣ ਸਫ਼ਾਈ ਸੇਵਕਾਂ ਵਲੋਂ ਪੰਜਾਬ ਸਰਕਾਰ ਨਾਲ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਓਧਰ ਦੂਜੇ ਪਾਸੇ ਲਗਾਤਾਰ 13 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਕਸਬੇ ਦੀ ਸਫ਼ਾਈ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਡੋਰ-ਟੂ-ਡੋਰ ਕੂੜਾ ਇਕੱਠਾ ਕਰਨ ਦਾ ਕੰਮ ਬੰਦ ਹੋਣ ਕਾਰਨ ਮੁੱਖ ਸੜਕਾਂ, ਬਾਜ਼ਾਰਾਂ, ਗਲੀਆਂ ਅਤੇ ਮੁਹੱਲਿਆਂ ਵਿਚ ਕੂੜੇ ਦੇ ਢੇਰ ਦਿਨੋਂ-ਦਿਨ ਵੱਡੇ ਹੁੰਦੇ ਜਾ ਰਹੇ ਹਨ। ਗਰਮੀ ਅਤੇ ਨਮੀ ਕਾਰਨ ਕੂੜੇ ਵਿਚੋਂ ਉੱਠ ਰਹੀ ਬਦਬੂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਮੁੱਦਕੀ ਵਾਸੀਆਂ ਨੂੰ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਸਤਾਉਣ ਲੱਗਾ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਸਫ਼ਾਈ ਵਿਵਸਥਾ ਮੁੜ ਬਹਾਲ ਹੋ ਸਕੇ। ਇਸ ਮੌਕੇ ਅੰਗਰੇਜ਼ ਸਿੰਘ ਬਰਾੜ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਸੁਨੀਲ, ਦੀਪਕ, ਰਾਜੇਸ਼, ਕਿਰਨ, ਬੀਨਾ ਰਾਣੀ, ਸਤਪਾਲ, ਲੀਲ੍ਹੂ ਰਾਮ, ਗੋਗੀ ਰਾਣੀ, ਪ੍ਰੀਤੀ, ਮੀਰਾ, ਵਿੱਕੀ, ਸਾਜਨ ਆਦਿ ਸਫ਼ਾਈ ਸੇਵਕ ਹਾਜ਼ਰ ਸਨ।