ਪੰਜੇ ਕੇ ਉਤਾੜ, 21 ਜੁਲਾਈ (ਪੱਪੂ ਸੰਧਾ)-ਹਲਕਾ ਗੁਰੂਹਰਸਹਾਏ ਦੇ ਪਿੰਡ ਰਹਿਮੇ ਸ਼ਾਹ ਬੋਦਲਾ ਵਿਖੇ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਰਮੇਸ਼ ਕੰਬੋਜ ਸੋਨੂੰ ਸਰਪੰਚ ਮੰਡੀ ਪੰਜੇ ਕੇ ਉਤਾੜ ਅਤੇ ਸੀਨੀਅਰ ਭਾਜਪਾ ਆਗੂ ਨੇ ਸ਼ਿਰਕਤ ਕੀਤੀ। ਸਰਪੰਚ ਰਮੇਸ਼ ਕੁਮਾਰ ਨੇ ਆਪਣੇ ਸੰਬੋਧਨ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪੇ੍ਰਰਿਤ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਰੀੜ੍ਹ ਦੀ ਹੱਡੀ ਹਨ, ਜੇਕਰ ਨੌਜਵਾਨ ਵਿਕਸਿਤ ਹੋਣਗੇ ਤਾਂ ਹੀ ਸਾਡਾ ਸਮਾਜ ਸੂਬਾ ਅਤੇ ਦੇਸ਼ ਵਿਕਸਿਤ ਹੋਵੇਗਾ। ਇਸ ਦੌਰਾਨ ਸਰਪੰਚ ਰਮੇਸ਼ ਕੁਮਾਰ ਨੇ ਐਲਾਨ ਕੀਤਾ ਕਿ ਜੇਕਰ ਕੋਈ ਨੌਜਵਾਨ ਗਲਤ ਹੱਥਾਂ ਵਿਚ ਚੜ੍ਹ ਕੇ ਨਸ਼ੇ ਦਾ ਆਦੀ ਹੋ ਗਿਆ ਅਤੇ ਉਹ ਨਸ਼ਾ ਛੱਡਣਾ ਚਾਹੁੰਦਾ ਤਾਂ ਉਸ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇਗੀ ਅਤੇ ਸੈਂਟਰ ਵਿਚ ਦਾਖਲ ਕਰਵਾਉਣ ਤੱਕ ਦਾ ਸਾਰਾ ਖਰਚਾ ਇਲਾਕੇ ਦੇ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਕ੍ਰਿਕਟ ਕਮੇਟੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ 11 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਭੇਟ ਕੀਤੀ। ਇਸ ਮੌਕੇ ਗ੍ਰਾਮ ਪੰਚਾਇਤ ਰਹਿਮੇ ਸ਼ਾਹ ਬੋਦਲਾ ਦੇ ਨੁਮਾਇੰਦਿਆਂ ਵਲੋਂ ਸਰਪੰਚ ਰਮੇਸ਼ ਕੁਮਾਰ ਸੋਨੂੰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।