ਫ਼ਿਰੋਜ਼ਪੁਰ, 22 ਜੁਲਾਈ (ਸੁਖਵਿੰਦਰ ਸਿੰਘ)-ਸਿਟੀ ਥਾਣਾ ਫਿਰੋਜ਼ਪੁਰ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇਕ ਸਰਗਰਮ ਗਰੋਹ ਦਾ ਪਰਦਾਫਾਸ਼ ਕਰਦਿਆਂ ਚਾਰ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 7 ਚੋਰੀਸ਼ੁਦਾ ਮੋਟਰਸਾਈਕਲ ਅਤੇ 7 ਮੋਬਾਈਲ ਫੋਨ ਬਰਾਮਦ ਕੀਤੇ ਹਨ। ਸਿਟੀ ਥਾਣੇ ਦੇ ਸਹਾਇਕ ਥਾਣੇਦਾਰ ਅਯੂਬ ਮਸੀਹ ਨੇ ਦੱਸਿਆ ਕਿ ਦੌਰਾਨੇ ਗਸ਼ਤ ਇਕ ਭਰੋਸੇਯੋਗ ਮੁਖਬਰ ਨੇ ਸੂਚਨਾ ਦਿੱਤੀ ਕਿ ਵਿਸ਼ਾਲ ਉਰਫ਼ ਸਾਗਰ ਪੁੱਤਰ ਮਹਿੰਦਰ ਸਿੰਘ ਵਾਸੀ ਜ਼ੀਰਾ ਗੇਟ, ਬੂਟਾ ਉਰਫ਼ ਜਸ਼ਨ ਪੁੱਤਰ ਅਨਵਰ, ਬਬਲੂ ਪੁੱਤਰ ਬਲਵੀਰ ਸਿੰਘ ਵਾਸੀ ਮੁਹੱਲਾ ਧਰਮਪੁਰਾ ਮੱਲਾਂਵਾਲਾ ਅਤੇ ਮਨਕੋਮਲ ਉਰਫ਼ ਕੋਮਬਾ ਪੁੱਤਰ ਚੰਨ ਵਾਸੀ ਨੇੜੇ ਰੇਲਵੇ ਲਾਈਨ ਪਿੰਡ ਕਟੋਰਾ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ। ਮੁਖ਼ਬਰ ਨੇ ਇਹ ਵੀ ਦੱਸਿਆ ਕਿ ਉਕਤ ਚਾਰੇ ਵਿਅਕਤੀ ਚੋਰੀ ਕੀਤੇ ਮੋਟਰਸਾਈਕਲ ਵੇਚਣ ਲਈ ਮਾਰਕੀਟ ਕਮੇਟੀ ਰੱਖੜੀ ਰੋਡ ਸਾਹਮਣੇ ਦਾਣਾ ਮੰਡੀ ਦੇ ਖੰਡਰ ਕਮਰਿਆਂ ਕੋਲ ਗ੍ਰਾਹਕ ਦੀ ਉਡੀਕ ਕਰ ਰਹੇ ਹਨ। ਸੂਚਨਾ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਨੇ ਤੁਰੰਤ ਛਾਪੇਮਾਰੀ ਕਰਕੇ ਚਾਰਾਂ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ 7 ਚੋਰੀਸ਼ੁਦਾ ਮੋਟਰਸਾਈਕਲ ਅਤੇ 7 ਮੋਬਾਈਲ ਫੋਨ ਬਰਾਮਦ ਹੋਏ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਬੀ.ਐਨ.ਐਸ. ਅਤੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਿਟੀ ਥਾਣਾ ਫਿਰੋਜ਼ਪੁਰ ਵਿਚ ਮੁਕੱਦਮਾ ਨੰਬਰ 245 ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।