02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਫ਼ਿਰੋਜ਼ਪੁਰ ’ਚ ਚਰਮਰਾਈ ਸਫ਼ਾਈ ਵਿਵਸਥਾ

Ad Position 21
No active advertisement
ਅਜੀਤ ਡੈਸਕ 25-07-2026
ਫਿਰੋਜ਼ਪੁਰ, 24 ਜੁਲਾਈ (ਗੁਰਿੰਦਰ ਸਿੰਘ)-ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਕਾਰਨ ਫਿਰੋਜ਼ਪੁਰ ਸਮੇਤ ਜ਼ਿਲ੍ਹੇ ਦੇ ਸ਼ਹਿਰਾਂ ਵਿਚ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਗਈ ਹੈ। ਅਤਿ ਦੀ ਗਰਮੀ ਅਤੇ ਹੋ ਰਹੀ ਹਲਕੀ ਬਰਸਾਤ ਕਾਰਨ ਥਾਂ-ਥਾਂ ਲੱਗੇ ਕੂੜੇ ਦੇ ਢੇਰ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਐਮਰਜੈਂਸੀ ਹਾਲਾਤ ਐਲਾਨਦਿਆਂ ਜ਼ਿਲ੍ਹੇ ਭਰ ਦੀਆਂ ਨਗਰ ਕੌਂਸਲਾਂ ਨੂੰ ਹੋਰ ਸਰੋਤਾਂ ਰਾਹੀਂ ਤੁਰੰਤ ਕੂੜਾ ਚੁੱਕਣ ਦੇ ਹੁਕਮ ਜਾਰੀ ਕੀਤੇ ਸਨ, ਪਰ 24 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਹੁਕਮਾਂ ਦਾ ਜ਼ਮੀਨੀ ਪੱਧਰ ’ਤੇ ਕੋਈ ਅਸਰ ਨਜ਼ਰ ਨਹੀਂ ਆਇਆ। ਬੀਤੇ ਦਿਨ ਡਿਪਟੀ ਕਮਿਸ਼ਨਰ ਵਲੋਂ ਜਨਤਕ ਸਿਹਤ ਅਤੇ ਸੁਰੱਖਿਆ ਦੇ ਹਿੱਤ ਵਿਚ ਪੰਜਾਬ ਮਿਉਂਸਪਲ ਐਕਟ, 1911 ਦੀ ਧਾਰਾ 233 ਅਧੀਨ ਪ੍ਰਾਪਤ ਸ਼ਕਤੀਆਂ ਤਹਿਤ ਜਾਰੀ ਹੁਕਮਾਂ ਵਿਚ ਨਗਰ ਕੌਂਸਲ ਫਿਰੋਜ਼ਪੁਰ, ਜ਼ੀਰਾ, ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ, ਮੱਖੂ, ਮੱਲਾਂਵਾਲਾ, ਤਲਵੰਡੀ ਭਾਈ ਅਤੇ ਮੁੱਦਕੀ ਵਿਚ ਤੁਰੰਤ ਸਫ਼ਾਈ ਪ੍ਰਬੰਧ ਯਕੀਨੀ ਬਣਾਉਣ ਲਈ ਕਾਰਜਕਾਰੀ ਅਧਿਕਾਰੀਆਂ ਨੂੰ ਕਿਸੇ ਵੀ ਢੁਕਵੀਂ ਏਜੰਸੀ, ਆਊਟਸੋਰਸਿੰਗ ਏਜੰਸੀ ਜਾਂ ਹੋਰ ਉਪਲਬਧ ਸਰੋਤਾਂ ਦੀ ਮਦਦ ਲੈਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਾਰੀ ਹੁਕਮਾਂ ਵਿਚ ਹਸਪਤਾਲਾਂ, ਸਕੂਲਾਂ, ਧਾਰਮਿਕ ਸਥਾਨਾਂ, ਬੱਸ ਸਟੈਂਡਾਂ, ਬਾਜ਼ਾਰਾਂ, ਰੇਲਵੇ ਸਟੇਸ਼ਨਾਂ ਅਤੇ ਹੋਰ ਸੰਵੇਦਨਸ਼ੀਲ ਜਨਤਕ ਥਾਵਾਂ ਤੋਂ ਕੂੜਾ ਪਹਿਲ ਦੇ ਆਧਾਰ ’ਤੇ ਚੁੱਕਣ ਲਈ ਕਿਹਾ ਗਿਆ ਸੀ। ਨਾਲ ਹੀ ਸਪੱਸ਼ਟ ਕੀਤਾ ਗਿਆ ਸੀ ਕਿ ਇਸ ਕੰਮ ਲਈ ਲੋੜੀਂਦੀ ਵਿੱਤੀ ਸਹਾਇਤਾ ਮਿਉਂਸਪਲ ਫੰਡ ਵਿਚੋਂ ਦਿੱਤੀ ਜਾਵੇਗੀ ਅਤੇ ਕਾਰਜਕਾਰੀ ਅਧਿਕਾਰੀ ਰੋਜ਼ਾਨਾ ਸਫ਼ਾਈ ਦੀ ਰਿਪੋਰਟ ਵੀ ਪੇਸ਼ ਕਰਨਗੇ। ਇਸ ਦੇ ਬਾਵਜੂਦ ਫਿਰੋਜ਼ਪੁਰ ਸ਼ਹਿਰ ਦੇ ਬਹੁਤਾਤ ਇਲਾਕਿਆਂ ਵਿਚ ਕੂੜੇ ਦੇ ਢੇਰ ਜਿਉਂ ਦੇ ਤਿਉਂ ਪਏ ਹੀ ਨਹੀਂ ਬਲਕਿ ਅੰਬਾਰ ਬਣਨ ਲੱਗੇ ਹਨ, ਜਿਸ ਕਾਰਨ ਲੋਕਾਂ ਵਿਚ ਰੋਸ ਦੇ ਨਾਲ-ਨਾਲ ਡੇਂਗੂ, ਮਲੇਰੀਆ ਅਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲਣ ਦਾ ਡਰ ਵੀ ਵੱਧਦਾ ਜਾ ਰਿਹਾ ਹੈ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਜਦੋਂ ਜ਼ਿਲ੍ਹਾ ਮੈਜਿਸਟਰੇਟ ਦੇ ਐਮਰਜੈਂਸੀ ਹੁਕਮਾਂ ’ਤੇ ਵੀ ਤੁਰੰਤ ਅਮਲ ਨਹੀਂ ਹੋ ਰਿਹਾ ਤਾਂ ਆਮ ਲੋਕਾਂ ਨੂੰ ਇਸ ਗੰਭੀਰ ਸਥਿਤੀ ਤੋਂ ਰਾਹਤ ਕਦੋਂ ਮਿਲੇਗੀ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਲੋਂ ਜਾਰੀ ਐਮਰਜੈਂਸੀ ਹੁਕਮਾਂ ਦੇ ਅਨੁਸਾਰ ਬੀਤੇ ਕੱਲ੍ਹ ਸ਼ਹਿਰ ਦੇ ਕੁਝ ਖੇਤਰਾਂ ’ਚੋਂ ਕੂੜਾ ਚੁਕਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ, ਪਰ ਬਰਨਾਲਾ ਵਿਚ ਵਾਪਰੀ ਘਟਨਾ ਦੇ ਵਿਰੋਧ ਵਿਚ ਅੱਜ ਸਵੇਰੇ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਕਾਰਨ ਸਫ਼ਾਈ ਕਾਰਜ ਮੁੜ ਪ੍ਰਭਾਵਿਤ ਹੋ ਗਿਆ ਅਤੇ ਕੂੜਾ ਚੁੱਕਣ ਦਾ ਕੰਮ ਰੁਕ ਗਿਆ।ਅਧਿਕਾਰੀਆਂ ਨੇ ਕਿਹਾ ਕਿ ਫਿਰੋਜ਼ਪੁਰ ਦੇ ਸਫ਼ਾਈ ਸੇਵਕਾਂ ਨਾਲ ਗੱਲਬਾਤ ਸਕਾਰਾਤਮਕ ਢੰਗ ਨਾਲ ਅੱਗੇ ਵੱਧ ਰਹੀ ਹੈ ਅਤੇ ਜਲਦੀ ਹੀ ਸਹਿਮਤੀ ਬਣਨ ਦੀ ਉਮੀਦ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਗੱਲਬਾਤ ਸਫ਼ਲ ਰਹੀ ਤਾਂ ਸੋਮਵਾਰ ਤੋਂ ਫਿਰੋਜ਼ਪੁਰ ਸ਼ਹਿਰ ਵਿਚ ਜਮ੍ਹਾਂ ਕੂੜਾ ਵੱਡੇ ਪੱਧਰ ’ਤੇ ਚੁਕਵਾ ਦਿੱਤਾ ਜਾਵੇਗਾ ਅਤੇ ਸਫ਼ਾਈ ਵਿਵਸਥਾ ਨੂੰ ਮੁੜ ਪਟੜੀ ’ਤੇ ਲਿਆਂਦਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ 108 ਐਂਬੂਲੈਂਸ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਵਜਾਇਆ ਬਿਗਲ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ਦੇ ਵਿਰੋਧ ’ਚ ਯੂਥ ਕਾਂਗਰਸ ਜਲੰਧਰ ’ਚ ਦੋ ਦਿਨ ਕਰੇਗੀ ਰੋਸ ਪ੍ਰਦਰਸ਼ਨ- ਅੰਗਦ ਦੱਤਾ
Ad Position 24
No active advertisement