ਫ਼ਿਰੋਜ਼ਪੁਰ, 28 ਜੁਲਾਈ (ਗੁਰਿੰਦਰ ਸਿੰਘ) ਮੀਰੀ-ਪੀਰੀ ਦੇ ਮਾਲਿਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ਪਵਿੱਤਰ ਮੀਰੀ-ਪੀਰੀ ਖਾਲਸਾ ਮਾਰਚ 30 ਜੁਲਾਈ ਨੂੰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਵਿਚ ਪਹੁੰਚੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਗੋਰਾ ਨੇ ਦੱਸਿਆ ਕਿ ਇਹ ਖਾਲਸਾ ਮਾਰਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਲੋਂ ਦਿੱਤੇ ਗਏ ਮੀਰੀ-ਪੀਰੀ ਦੇ ਮਹਾਨ ਸਿਧਾਂਤ, ਧਾਰਮਿਕ ਅਜ਼ਾਦੀ, ਨਿਆਂ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਾਸੀ ਇਸ ਪਵਿੱਤਰ ਮਾਰਚ ਦੇ ਸਵਾਗਤ ਲਈ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਤਿਆਰੀਆਂ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ ਨਗਰ ਕੀਰਤਨ ਸਵੇਰੇ ਗੁਰਦੁਆਰਾ ਗੁਰੂਸਰ ਜਾਮਨੀ ਸਾਹਿਬ ਬਜੀਦਪੁਰ ਤੋਂ ਆਰੰਭ ਹੋਵੇਗਾ। ਇਸ ਤੋਂ ਬਾਅਦ ਸਵੇਰੇ 9:15 ਵਜੇ ਆਲੇਵਾਲਾ (ਹਰਿਆਲੀ ਪੰਪ), 9:30 ਵਜੇ 7 ਨੰਬਰ ਚੁੰਗੀ, 10:00 ਵਜੇ ਪਾਇਲਟ ਚੌਕ, 10:30 ਵਜੇ ਸ਼ੇਰਸ਼ਾਹ ਵਾਲੀ ਚੌਕ, 11:00 ਵਜੇ ਸੁਖਪਾਲ ਸਿੰਘ ਨੰਨੂ ਦੀ ਕੋਠੀ, 11:30 ਵਜੇ ਊਧਮ ਸਿੰਘ ਚੌਕ, 12:00 ਵਜੇ ਮੁਲਤਾਨੀ ਗੇਟ, 12:30 ਵਜੇ ਕਸੂਰੀ ਗੇਟ ਅਤੇ ਅੰਮ੍ਰਿਤਸਰੀ ਗੇਟ, 1:00 ਵਜੇ ਬਾਂਸੀ ਗੇਟ, 2:00 ਵਜੇ ਜੀਰਾ ਗੇਟ, 2:15 ਵਜੇ ਬਗਦਾਦੀ ਗੇਟ ਅਤੇ 2:30 ਵਜੇ ਦਿੱਲੀ ਗੇਟ ਤੋਂ ਹੁੰਦਾ ਹੋਇਆ ਮੁੜ ਊਧਮ ਸਿੰਘ ਚੌਕ ਪਹੁੰਚੇਗਾ। ਇਸ ਉਪਰੰਤ ਨਾਮਦੇਵ ਚੌਕ ਤੋਂ ਵਾਪਸੀ ਕਰਦਿਆਂ ਬਾਗੀ ਰੋਡ, ਸ਼ੇਰਸ਼ਾਹ ਵਾਲੀ ਚੌਕ ਅਤੇ 7 ਨੰਬਰ ਚੁੰਗੀ ਰਾਹੀਂ ਫ਼ਰੀਦਕੋਟ ਰੋਡ ਵੱਲ ਰਵਾਨਾ ਹੋਵੇਗਾ। ਸੁਖਪਾਲ ਸਿੰਘ ਨੰਨੂ ਅਤੇ ਨਵਨੀਤ ਕੁਮਾਰ ਗੋਰਾ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਗਿਣਤੀ ਵਿਚ ਇਸ ਪਵਿੱਤਰ ਨਗਰ ਕੀਰਤਨ ਵਿਚ ਸ਼ਾਮਲ ਹੋਣ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਮੀਰੀ-ਪੀਰੀ ਦੇ ਉੱਚੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ਵਿਚ ਅਪਣਾਉਣ।