ਫ਼ਿਰੋਜ਼ਪੁਰ, 29 ਜੁਲਾਈ (ਗੁਰਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ ਨੂੰ ਸੁਚੱਜੀ ਸ਼ੁਰੂਆਤ ਦੇਣ ਦੇ ਉਦੇਸ਼ ਨਾਲ ਇੰਡਕਸ਼ਨ ਪ੍ਰੋਗਰਾਮ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਅਕਾਦਮਿਕ ਮਾਹੌਲ, ਅਨੁਸ਼ਾਸਨ, ਖੋਜ ਗਤੀਵਿਧੀਆਂ, ਵਿਦਿਆਰਥੀ ਸਹੂਲਤਾਂ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨਾਲ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਕੀਤੀ। ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿਚ ਉਨ੍ਹਾਂ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਸਿਰਫ਼ ਡਿਗਰੀ ਪ੍ਰਾਪਤ ਕਰਨ ਦਾ ਕੇਂਦਰ ਨਹੀਂ, ਸਗੋਂ ਗਿਆਨ, ਖੋਜ, ਨਵੀਨਤਾ, ਉੱਚ ਚਰਿੱਤਰ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਤ ਕਰਨ ਦਾ ਇਕ ਮਹੱਤਵਪੂਰਨ ਮੰਚ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਮਿਹਨਤ, ਅਨੁਸ਼ਾਸਨ ਅਤੇ ਸਕਾਰਾਤਮਕ ਸੋਚ ਨੂੰ ਜੀਵਨ ਦਾ ਅਧਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਪੱਸ਼ਟ ਟੀਚੇ ਅਤੇ ਲਗਾਤਾਰ ਯਤਨ ਹੀ ਸਫ਼ਲਤਾ ਦੀ ਕੁੰਜੀ ਹਨ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੇ ਅਕਾਦਮਿਕ ਅਤੇ ਵਿਅਕਤੀਗਤ ਵਿਕਾਸ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗਾ।ਪ੍ਰੋਗਰਾਮ ਦੇ ਮੁੱਖ ਵਕਤਾ ਡਾ. ਸੋਹਣ ਸਿੰਘ ਨੇ ਮਨੋਵਿਗਿਆਨ ਵਿਸ਼ੇ ’ਤੇ ਪ੍ਰਭਾਵਸ਼ਾਲੀ ਅਤੇ ਗਿਆਨਵਰਧਕ ਲੈਕਚਰ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ, ਸਕਾਰਾਤਮਕ ਸੋਚ, ਆਤਮ-ਵਿਸ਼ਵਾਸ, ਤਣਾਅ ਪ੍ਰਬੰਧਨ, ਪ੍ਰਭਾਵਸ਼ਾਲੀ ਸੰਚਾਰ ਅਤੇ ਜੀਵਨ ਵਿਚ ਸਹੀ ਫ਼ੈਸਲੇ ਲੈਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਯੂਨੀਵਰਸਿਟੀ ਦੇ ਸਮੂਹ ਡੀਨ, ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਫੈਕਲਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਨਵੇਂ ਵਿਦਿਆਰਥੀ ਹਾਜ਼ਰ ਸਨ। ਅੰਤ ਵਿਚ ਡਾ. ਰਾਕੇਸ਼ ਕੁਮਾਰ ਨੇ ਸਾਰੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਇੰਡਕਸ਼ਨ ਪ੍ਰੋਗਰਾਮ ਵਿਦਿਆਰਥੀਆਂ ਦੇ ਅਕਾਦਮਿਕ ਸਫ਼ਰ ਨੂੰ ਸਹੀ ਦਿਸ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ।