ਗੁਰੂਹਰਸਹਾਏ, 30 ਜੁਲਾਈ (ਕਪਿਲ ਕੰਧਾਰੀ)-ਬਰਨਾਲਾ ਵਿਖੇ ਸਫ਼ਾਈ ਮੁਲਾਜ਼ਮਾਂ ਅਤੇ ਵਾਲਮੀਕੀ ਭਾਈਚਾਰੇ ਦੇ ਲੋਕਾਂ ’ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿਚ ਗੁਰੂਹਰਸਹਾਏ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਇਸ ਦੌਰਾਨ ਵੱਡੀ ਗਿਣਤੀ ਵਿਚ ਵਾਲਮੀਕੀ ਭਾਈਚਾਰੇ ਦੇ ਮੈਂਬਰਾਂ ਅਤੇ ਸਫ਼ਾਈ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਰੋਸ ਪ੍ਰਦਰਸ਼ਨ ਦੀ ਅਗਵਾਈ ਭਗਵਾਨ ਵਾਲਮੀਕੀ ਤੀਰਥ ਧੂਣਾ ਸਾਹਿਬ ਟਰੱਸਟ ਪੰਜਾਬ ਦੇ ਚੇਅਰਮੈਨ ਸ਼ਾਮ ਲਾਲ ਬਿੱਟੂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਰਨਾਲਾ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰਦਰਸ਼ਨ ਕਰ ਰਹੇ ਸਫ਼ਾਈ ਮੁਲਾਜ਼ਮਾਂ ਅਤੇ ਮਹਿਲਾਵਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ ਗਿਆ, ਜਿਸ ਦੀ ਉਹ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਨ। ਸ਼ਾਮ ਲਾਲ ਬਿੱਟੂ ਨੇ ਦੱਸਿਆ ਕਿ ਭਗਵਾਨ ਵਾਲਮੀਕੀ ਤੀਰਥ ਅੰਮ੍ਰਿਤਸਰ ਗੱਦੀ ’ਤੇ ਵਿਰਾਜਮਾਨ ਸੰਤ ਮਲਕੀਤ ਨਾਥ ਜੀ ਦੇ ਹੁਕਮਾਂ ਅਨੁਸਾਰ ਭਗਵਾਨ ਵਾਲਮੀਕੀ ਤੀਰਥ ਧੂਣਾ ਸਾਹਿਬ ਟਰੱਸਟ ਵਲੋਂ ਪੰਜਾਬ ਭਰ ਵਿਚ ਸਫ਼ਾਈ ਸੇਵਕ ਯੂਨੀਅਨ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ। ਇਸ ਮੌਕੇ ਪ੍ਰਧਾਨ ਜਗਜੀਤ ਸਿੰਘ, ਪ੍ਰਧਾਨ ਸੁਭਾਸ਼, ਗਿਆਨ ਚੰਦ, ਰਾਜ ਕੁਮਾਰ, ਪੂਰਨ, ਗਗਨ, ਸਫ਼ਾਈ ਸੇਵਕ ਯੂਨੀਅਨ ਦੇ ਸਕੱਤਰ ਦਰਸ਼ਨ ਲਾਲ, ਪ੍ਰਧਾਨ ਰਜਿੰਦਰ ਕੁਮਾਰ, ਰਾਜੀਵ ਕੁਮਾਰ, ਅਜੈ ਕੁਮਾਰ, ਦੀਪਕ, ਸੋਨੂ, ਕਰਨ ਕੁਮਾਰ, ਪੱਪੂ, ਸੁਨੀਲ ਕੁਮਾਰ, ਪ੍ਰਧਾਨ ਰਣਜੀਤ ਸਿੰਘ ਬਿੱਟੂ (ਪਿੰਡ ਨਿਧਾਨਾ), ਦੁੱਲਾ, ਅਵਤਾਰ ਕ੍ਰਿਸ਼ਨ, ਜੈ ਗੋਪਾਲ, ਸੁਰਜੀਤ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਵਾਲਮੀਕੀ ਭਾਈਚਾਰੇ ਦੇ ਮੈਂਬਰ ਅਤੇ ਸਫ਼ਾਈ ਮੁਲਾਜ਼ਮ ਹਾਜ਼ਰ ਸਨ।