01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਡਾਇਰੈਕਟਰ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਰੀ ਨਵੇਂ ਹੁਕਮ, ਲਿਆ ਵੱਡਾ ਫ਼ੈਸਲਾ

Ad Position 21
No active advertisement
ਅਜੀਤ ਡੈਸਕ 01-08-2026
ਫ਼ਿਰੋਜ਼ਪੁਰ,31 ਜੁਲਾਈ (ਕੁਲਬੀਰ ਸਿੰਘ ਸੋਢੀ)-ਬੀਤੇ ਦਿਨ ਹਲਕਾ ਦਿਹਾਤੀ ਦੇ ਬਲਾਕ ਘੱਲਖੁਰਦ ਅਧੀਨ ਆਉਂਦੇ ਪਿੰਡ ਬਾਜੀਦਪੁਰ ਦੀ ਗ੍ਰਾਮ ਪੰਚਾਇਤ ਦੀ ਮਹਿਲਾ ਸਰਪੰਚ ਪਰਮਿੰਦਰ ਰਾਣੀ ਨਾਮਕ ਨੂੰ ਪੰਚਾਇਤੀ ਵਿਭਾਗ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਹ ਕਾਰਵਾਈ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20(4) ਤਹਿਤ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਮਹਿਲਾ ਸਰਪੰਚ ਪਰਮਿੰਦਰ ਰਾਣੀ ’ਤੇ ਪਿੰਡ ਦੇ ਗਰਾਉਂਡ ਦੀ ਚਾਰਦੀਵਾਰੀ ਬਿਨਾਂ ਕਿਸੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਅਤੇ ਮਨਜ਼ੂਰੀ ਤੋਂ ਢਾਹੇ ਜਾਣ ਦੇ ਦੋਸ਼ ਲੱਗੇ ਸਨ। ਇਸ ਦੇ ਨਾਲ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤੀ ਵਿਭਾਗ ਵਲੋਂ ਬਲਾਕ ਘੱਲਖੁਰਦ ਦੇ ਬੀ.ਡੀ.ਪੀ.ਓ ਲਖਬੀਰ ਸਿੰਘ ਬੁੱਟਰ ਅਤੇ ਪਿੰਡ ਬਾਜੀਦਪੁਰ ਦੇ ਪੰਚਾਇਤ ਸਕੱਤਰ ਸਿਮਰਨਜੀਤ ਸਿੰਘ ਵਿਰੁੱਧ ਵੀ ਅਨੁਸ਼ਾਸਨੀ ਕਾਰਵਾਈ ਦੀ ਮਹਿਕਮੇ ਨੂੰ ਹਦਾਇਤ ਕੀਤੀ ਗਈ ਹੈ। ਪੱਤਰ ਅਨੁਸਾਰ ਡਾਇਰੈਕਟਰ ਵਲੋਂ ਮਾਮਲੇ ਦੀ ਵਿਸਥਾਰ ਨਾਲ ਸੁਣਵਾਈ ਕੀਤੀ ਗਈ ਅਤੇ ਸਰਪੰਚ ਨੂੰ ਆਪਣਾ ਪੱਖ ਰੱਖਣ ਦੇ ਕਈ ਮੌਕੇ ਦਿੱਤੇ ਗਏ। ਜਿਸ ਤਹਿਤ 21 ਅਪ੍ਰੈਲ, 8 ਮਈ, 11 ਮਈ, 14 ਜੁਲਾਈ ਅਤੇ 20 ਜੁਲਾਈ ਨੂੰ ਹੋਈਆਂ ਸੁਣਵਾਈਆਂ ਦੌਰਾਨ ਸਰਪੰਚ ਆਪਣੇ ਵਕੀਲ ਰਾਹੀਂ ਪੇਸ਼ ਹੋਈ।
ਕੀ ਲੱਗੇ ਦੋਸ਼
ਡੀ.ਡੀ.ਪੀ.ਓ. ਦੀ ਰਿਪੋਰਟ ਮੁਤਾਬਿਕ ਸਰਪੰਚ ਨੇ ਉਸ ਜ਼ਮੀਨ ’ਤੇ ਚਾਰਦੀਵਾਰੀ ਕਰਵਾਈ ਜੋ ਗ੍ਰਾਮ ਪੰਚਾਇਤ ਦੀ ਮਲਕੀਅਤ ਨਹੀਂ ਹੈ। ਰਿਕਾਰਡ ਅਨੁਸਾਰ ਸਬੰਧਤ ਖ਼ਸਰਾ ਨੰਬਰਾਂ ਦੀ ਮਲਕੀਅਤ ਕਿਸੇ ਹੋਰ ਦੇ ਨਾਂਅ ਹੈ ਅਤੇ ਜ਼ਮੀਨ ਦੀ ਕਿਸਮ ‘ਗੈਰ-ਮੁਮਕਿਨ ਸਕੂਲ’ ਦਰਜ ਹੈ। ਜਾਣਕਾਰੀ ਅਨੁਸਾਰ ਉਕਤ ਜ਼ਮੀਨ ’ਤੇ ਮਹਿਲਾ ਸਰਪੰਚ ਵਲੋਂ ਛੱਪੜ ਦੀ ਪੁਟਾਈ ਕਰਵਾਈ ਗਈ, ਜਿਸ ਦੀ ਮਾਲਕੀ ਗ੍ਰਾਮ ਪੰਚਾਇਤ ਪਿੰਡ ਬਾਜੀਦਪੁਰ ਕੋਲ ਨਹੀਂ ਹੈ। ਇਸ ਦੇ ਨਾਲ ਇਕ ਦੋਸ਼ ਹੋਰ ਇਹ ਵੀ ਹੈ ਕਿ ਗਰਾਉਂਡ ਦੀ ਚਾਰਦੀਵਾਰੀ ਅਤੇ ਹੋਰ ਨਿਰਮਾਣ ਕਾਰਜ ਪੰਚਾਇਤੀ ਰਾਜ ਵਿਭਾਗ ਦੀ ਲੋੜੀਂਦੀ ਤਕਨੀਕੀ ਮਨਜ਼ੂਰੀ ਅਤੇ ਸਮਰੱਥ ਅਥਾਰਿਟੀ ਦੀ ਪ੍ਰਵਾਨਗੀ ਤੋਂ ਬਿਨਾਂ ਕਰਵਾਏ ਗਏ। ਵਿਭਾਗ ਨੇ ਕਿਹਾ ਕਿ ਰਿਕਾਰਡ, ਰਿਪੋਰਟਾਂ ਅਤੇ ਸੁਣਵਾਈ ਦੌਰਾਨ ਪੇਸ਼ ਤੱਥਾਂ ਦੇ ਆਧਾਰ ’ਤੇ ਸਰਪੰਚ ਖ਼ਿਲਾਫ਼ ਕਾਰਵਾਈ ਬਣਦੀ ਹੈ।
ਨਵੇਂ ਹੁਕਮਾਂ ’ਚ ਹੋਰ ਕੀ ਹੈ
ਵਿਭਾਗ ਨੇ ਧਾਰਾ 20(5) ਲਾਗੂ ਕਰਦੇ ਹੋਏ ਕਿਹਾ ਕਿ ਮੁਅੱਤਲੀ ਦੀ ਮਿਆਦ ਦੌਰਾਨ ਸਰਪੰਚ ਪੰਚਾਇਤ ਦੀ ਕਿਸੇ ਵੀ ਕਾਰਵਾਈ ਵਿਚ ਹਿੱਸਾ ਨਹੀਂ ਲੈ ਸਕੇਗੀ, ਪੰਚਾਇਤ ਦਾ ਰਿਕਾਰਡ, ਫ਼ੰਡ ਅਤੇ ਹੋਰ ਜਾਇਦਾਦ ਦਾ ਚਾਰਜ ਬੀ.ਡੀ.ਪੀ.ਓ. ਵਲੋਂ ਚੁਣੇ ਕਿਸੇ ਹੋਰ ਪੰਚ ਨੂੰ ਸੌਂਪਿਆ ਜਾਵੇਗਾ, ਸਰਪੰਚ ਦੇ ਦਸਤਖ਼ਤ ਨਾਲ ਚੱਲ ਰਹੇ ਪੰਚਾਇਤ ਦੇ ਸਾਰੇ ਬੈਂਕ ਖਾਤੇ ਤੁਰੰਤ ਸੀਲ ਕਰਕੇ ਚਾਰਜ ਨਵੇਂ ਅਧਿਕਾਰਤ ਵਿਅਕਤੀ ਨੂੰ ਦਿੱਤੇ ਜਾਣਗੇ ਅਤੇ ਇਸ ਦੇ ਨਾਲ ਵਿਭਾਗ ਨੇ ਹੁਕਮਾਂ ਵਿਚ ਬੀ.ਡੀ.ਪੀ.ਓ. ਘੱਲ ਖ਼ੁਰਦ ਲਖਬੀਰ ਸਿੰਘ ਬੁੱਟਰ ਅਤੇ ਪਿੰਡ ਬਾਜੀਦਪੁਰ ਦੇ ਪੰਚਾਇਤ ਸਕੱਤਰ ਸਿਮਰਨਜੀਤ ਸਿੰਘ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿਚ ਅਣਗਹਿਲੀ ਦਾ ਵੀ ਜ਼ਿਕਰ ਕੀਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਸਬੰਧਤ ਸ਼ਾਖਾ ਨੂੰ ਨਿਰਦੇਸ਼ ਭੇਜ ਦਿੱਤੇ ਹਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਮਝੈਲ ਵਲੋਂ 5 ਦੇ ਧਰਨੇ ਸੰਬੰਧੀ ਮੀਟਿੰਗ ਅਗਲੀ ਖ਼ਬਰ ਸਿੱਖ ਪੰਥ ਦੇ ਧਾਰਮਿਕ ਮਾਮਲਿਆਂ ਦਾ ਨਿਪਟਾਰਾ ਸਿਰਫ਼ ਗੁਰੂ ਪੰਥ ਦੀ ਮਰਯਾਦਾ ਅਨੁਸਾਰ ਹੀ ਹੋਵੇਗਾ-ਗਿਆਨੀ ਕੁਲਦੀਪ ਸਿੰਘ ਗੜਗ...
Ad Position 24
No active advertisement