ਟੁੱਟੀਆਂ ਸੜਕਾਂ ਨੇ ਹਾਊਸਿੰਗ ਬੋਰਡ ਕਾਲੋਨੀ ਦੇ ਵਾਸੀਆਂ ਦਾ ਜੀਣਾ ਕੀਤਾ ਦੁੱਭਰ
ਫ਼ਿਰੋਜ਼ਪੁਰ, 2 ਅਗਸਤ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਦੇ ਪੁੱਡਾ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿਚ ਟੁੱਟੀਆਂ ਅਤੇ ਖਸਤਾ ਹਾਲ ਸੜਕਾਂ ਕਾਰਨ ਲੋਕਾਂ ਨੂੰ ਹਰ ਰੋਜ਼ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਥਾਂ-ਥਾਂ ਬਣੇ ਡੂੰਘੇ ਖੱਡਿਆਂ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਆਵਾਜਾਈ ਖ਼ਤਰਨਾਕ ਬਣ ਗਈ ਹੈ। ਇਸ ਦੇ ਨਾਲ ਬਰਸਾਤ ਹੋਣ ’ਤੇ ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ।
ਫ਼ਿਰੋਜ਼ਪੁਰ, 2 ਅਗਸਤ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਦੇ ਪੁੱਡਾ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ਵਿਚ ਟੁੱਟੀਆਂ ਅਤੇ ਖਸਤਾ ਹਾਲ ਸੜਕਾਂ ਕਾਰਨ ਲੋਕਾਂ ਨੂੰ ਹਰ ਰੋਜ਼ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਥਾਂ-ਥਾਂ ਬਣੇ ਡੂੰਘੇ ਖੱਡਿਆਂ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਆਵਾਜਾਈ ਖ਼ਤਰਨਾਕ ਬਣ ਗਈ ਹੈ। ਇਸ ਦੇ ਨਾਲ ਬਰਸਾਤ ਹੋਣ ’ਤੇ ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ। ਇਸ ਦੇ ਚੱਲਦੇ ਹਾਊਸਿੰਗ ਬੋਰਡ ਕਾਲੋਨੀ ਦੇ ਵਾਸੀਆਂ ਵਲੋਂ ਬੀਤੇ ਦਿਨ ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਹੋਣ ਦੇ ਰੋਸ਼ ਵਿਚ ਪੁੱਡਾ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਲਾਕਾ ਵਾਸੀਆਂ ਨੇ ਦੋਸ਼ ਲਾਇਆ ਕਿ ਪੁੱਡਾ ਅਧਿਕਾਰੀਆਂ ਦੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਸੜਕਾਂ ਦੀ ਹਾਲਤ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਨਾ ਤਾਂ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ ਅਤੇ ਨਾ ਹੀ ਪਾਣੀ ਦੀ ਨਿਕਾਸੀ ਲਈ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਖਸਤਾ ਸੜਕਾਂ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਦੋਪਹੀਆ ਵਾਹਨ ਚਾਲਕਾਂ ਲਈ ਹਰ ਰੋਜ਼ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ, ਬਜ਼ੁਰਗਾਂ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਆਵਾਜਾਈ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਂ ਨੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਨੂੰ ਅਪੀਲ ਕੀਤੀ ਹੈ ਕਿ ਹਾਊਸਿੰਗ ਬੋਰਡ ਕਾਲੋਨੀ ਦੇ ਵਾਸੀਆਂ ਦੀ ਸਾਰ ਲਵੋ ਅਤੇ ਮੁਸ਼ਕਲਾਂ ਦੇ ਹੱਲ ਕਰਵਾਉਣ ਲਈ ਅਧਿਕਾਰੀਆਂ ਨੂੰ ਸਖ਼ਤ ਤਾੜਨਾ ਕਰੋ। ਲੋਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੁੱਡਾ ਪ੍ਰਸ਼ਾਸਨ ਨੇ ਜਲਦੀ ਸੜਕਾਂ ਦੀ ਮੁਰੰਮਤ ਅਤੇ ਇਲਾਕੇ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਸੰਘਰਸ਼ ਤੇਜ਼ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕੀਤੀ ਜਾਵੇ।