ਯੁਵਕ ਸੇਵਾਵਾਂ ਵਿਭਾਗ ਨੇ ਜ਼ਿਲ੍ਹਾ ਪੱਧਰੀ ‘ਰੈੱਡ ਰਨ’ ਮੈਰਾਥਨ ਕਰਵਾਈ
ਨੌਜਵਾਨਾਂ ਨੂੰ ਨਸ਼ਿਆਂ ਅਤੇ ਏਡਜ਼ ਵਿਰੁੱਧ ਕੀਤਾ ਜਾਗਰੂਕ
ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਐਸ. ਬੀ.
ਫ਼ਿਰੋਜ਼ਪੁਰ, 10 ਅਗਸਤ (ਗੁਰਿੰਦਰ ਸਿੰਘ)-ਡਾਇਰੈਕਟੋਰੇਟ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਐਸ.ਬੀ.ਐੱਸ.ਐੱਸ. ਯੂਨੀਵਰਸਿਟੀ, ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਪੱਧਰੀ ‘ਰੈੱਡ ਰਨ’ ਮੈਰਾਥਨ ਕਰਵਾਈ ਗਈ। ਇਹ ਸਮਾਗਮ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਜਸਪਾਲ ਸਿੰਘ ਦੀ ਅਗਵਾਈ ਅਤੇ ਐਸ.ਬੀ.ਐੱਸ.ਐੱਸ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਸੁਰੇਸ਼ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਕਾਲਜਾਂ ਅਤੇ ਸੰਸਥਾਵਾਂ ਦੇ ਰੈੱਡ ਰਿਬਨ ਕਲੱਬਾਂ ਨਾਲ ਸਬੰਧਿਤ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸਹਾਇਕ ਡਾਇਰੈਕਟਰ ਜਸਪਾਲ ਸਿੰਘ ਅਤੇ ਰਜਿਸਟਰਾਰ ਡਾ.ਰਾਜੀਵ ਅਰੋੜਾ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਚੈੱਕਾਂ ਰਾਹੀਂ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਲੜਕਿਆਂ ਵਿਚ ਹਰਦੀਪ ਸਿੰਘ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਨੇ ਦੂਜਾ ਅਤੇ ਰਕਸ਼ਿਤ ਐਸ.ਬੀ.ਐੱਸ.ਐੱਸ. ਯੂਨੀਵਰਸਿਟੀ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਿਚ ਪ੍ਰਨੀਤ ਕੌਰ ਪੀ.ਯੂ.ਸੀ.ਸੀ. ਮੋਹਕਮ ਖਾਂ ਵਾਲਾ ਨੇ ਪਹਿਲਾ, ਹਰਮਨ ਕੌਰ ਸਰਕਾਰੀ ਕਾਲਜ ਜ਼ੀਰਾ ਨੇ ਦੂਜਾ ਅਤੇ ਸਰਬਜੀਤ ਕੌਰ ਐਸ.ਯੂ.ਐੱਸ.ਪੀ.ਯੂ.ਸੀ.ਸੀ. ਗੁਰੂਹਰਸਹਾਏ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਮੈਰਾਥਨ ਉਪਰੰਤ ਕਰਵਾਏ ਸੈਮੀਨਾਰ ਦੌਰਾਨ ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਯੁਵਕ ਸੇਵਾਵਾਂ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਨਸ਼ਿਆਂ ਦੇ ਵਧ ਰਹੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਐੱਚ.ਆਈ.ਵੀ./ਏਡਜ਼ ਤੋਂ ਬਚਾਅ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮ ਕੋਆਰਡੀਨੇਟਰਾਂ ਦੀ ਜ਼ਿਲ੍ਹਾ ਪੱਧਰੀ ਐਡਵੋਕੇਸੀ ਮੀਟਿੰਗ ਵੀ ਹੋਈ। ਮੀਟਿੰਗ ਦੌਰਾਨ ਸਾਲ 2026-27 ਲਈ ਕਲੱਬਾਂ ਨੂੰ ਸਾਲਾਨਾ ਗ੍ਰਾਂਟ ਜਾਰੀ ਕੀਤੀ ਗਈ ਅਤੇ ਨਵੇਂ ਕਾਲਜਾਂ ਵਿਚ ਰੈੱਡ ਰਿਬਨ ਕਲੱਬ ਸਥਾਪਤ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਹਾਇਕ ਡਾਇਰੈਕਟਰ ਜਸਪਾਲ ਸਿੰਘ ਨੇ ਕਿਹਾ ਕਿ ਕਲੱਬਾਂ ਵਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਨਸ਼ਿਆਂ, ਐੱਚ.ਆਈ.ਵੀ./ਏਡਜ਼, ਟੀ.ਬੀ. ਤੋਂ ਬਚਾਅ ਅਤੇ ਖ਼ੂਨਦਾਨ ਸਬੰਧੀ ਜਾਗਰੂਕ ਕਰਨ ਅਤੇ ਅਡਾਪਟ ਕੀਤੇ ਪਿੰਡਾਂ ਵਿਚ ਵੀ ਵਿਸ਼ੇਸ਼ ਜਾਗਰੂਕਤਾ ਗਤੀਵਿਧੀਆਂ ਕਰਵਾਏ ਜਾਣ ਬਾਰੇ ਫ਼ੈਸਲਾ ਕੀਤਾ ਗਿਆ।