ਹੁਸੈਨੀਵਾਲਾ ਹਿੰਦ-ਪਾਕਿ ਕੌਮਾਂਤਰੀ ਸਰਹੱਦ ’ਤੇ ਆਜ਼ਾਦੀ ਦਿਹਾੜੇ ਮੌਕੇ ਦੇਸ਼ ਭਗਤੀ ਦਾ ਜੋਸ਼
ਫ਼ਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਆਜ਼ਾਦੀ ਦਿਹਾੜੇ ਮੌਕੇ ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ ’ਤੇ ਦੇਸ਼ ਭਗਤੀ ਦਾ ਅਨੋਖਾ ਮਾਹੌਲ ਦੇਖਣ ਨੂੰ ਮਿਲਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਲੋਕਾਂ ਨੇ ਹੱਥਾਂ ਵਿਚ ਤਿਰੰਗੇ ਲੈ ਕੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਸਰਹੱਦੀ ਫਿਜ਼ਾ ਨੂੰ ਰਾਸ਼ਟਰ ਭਗਤੀ ਦੇ ਰੰਗ ਵਿਚ ਰੰਗ ਦਿੱਤਾ।
ਫ਼ਿਰੋਜ਼ਪੁਰ, 16 ਅਗਸਤ (ਗੁਰਿੰਦਰ ਸਿੰਘ)-ਆਜ਼ਾਦੀ ਦਿਹਾੜੇ ਮੌਕੇ ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ ’ਤੇ ਦੇਸ਼ ਭਗਤੀ ਦਾ ਅਨੋਖਾ ਮਾਹੌਲ ਦੇਖਣ ਨੂੰ ਮਿਲਿਆ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਲੋਕਾਂ ਨੇ ਹੱਥਾਂ ਵਿਚ ਤਿਰੰਗੇ ਲੈ ਕੇ ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਸਰਹੱਦੀ ਫਿਜ਼ਾ ਨੂੰ ਰਾਸ਼ਟਰ ਭਗਤੀ ਦੇ ਰੰਗ ਵਿਚ ਰੰਗ ਦਿੱਤਾ। ਬੀਟਿੰਗ ਰਿਟਰੀਟ ਸਮਾਰੋਹ ਦੌਰਾਨ ਜਵਾਨਾਂ ਦੇ ਜੋਸ਼, ਅਨੁਸ਼ਾਸਨ ਤੇ ਸ਼ਾਨਦਾਰ ਪ੍ਰਦਰਸ਼ਨ ਨੇ ਦਰਸ਼ਕਾਂ ਵਿਚ ਜੋਸ਼ ਭਰ ਦਿੱਤਾ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੂਰੇ ਜਜ਼ਬੇ ਅਤੇ ਦਲੇਰੀ ਨਾਲ ਬੀਟਿੰਗ ਰਿਟਰੀਟ ਦੀ ਰਵਾਇਤੀ ਰਸਮ ਨਿਭਾਈ। ਜਵਾਨਾਂ ਦੇ ਦਮਦਾਰ ਕਦਮਾਂ ਅਤੇ ਜੋਸ਼ੀਲੀਆਂ ਗਤੀਵਿਧੀਆਂ ਨੂੰ ਵੇਖ ਕੇ ਦਰਸ਼ਕਾਂ ਨੇ ਤਾਲੀਆਂ ਤੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਉਨ੍ਹਾਂ ਦਾ ਹੌਸਲਾ ਵਧਾਇਆ। ਸਮਾਰੋਹ ਦੌਰਾਨ ਤਿਰੰਗੇ ਲਹਿਰਾਉਂਦੇ ਲੋਕਾਂ ਅਤੇ ਗੂੰਜਦੇ ਜੈਕਾਰਿਆਂ ਨੇ ਸਰਹੱਦ ਦਾ ਮਾਹੌਲ ਜੋਸ਼ ਨਾਲ ਭਰ ਦਿੱਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ, ਨਾਚ ਅਤੇ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਭਾਵੁਕ ਕਰਨ ਦੇ ਨਾਲ-ਨਾਲ ਦੇਸ਼ ਪ੍ਰਤੀ ਮਾਣ ਦੀ ਭਾਵਨਾ ਹੋਰ ਮਜ਼ਬੂਤ ਕੀਤੀ। ਸਮਾਰੋਹ ਵਿਚ ਪੰਜਾਬੀ ਗਾਇਕ ਗੁਲਾਬ ਸਿੱਧੂ ਅਤੇ ਜੈਸਮੀਨ ਭਸੀਨ ਦੀ ਮੌਜੂਦਗੀ ਵੀ ਖਿੱਚ ਦਾ ਕੇਂਦਰ ਰਹੀ। ਕਲਾਕਾਰਾਂ ਦੀਆਂ ਪੇਸ਼ਕਾਰੀਆਂ ’ਤੇ ਦਰਸ਼ਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੇ ਖੂਬ ਉਤਸ਼ਾਹ ਦਿਖਾਇਆ। ਤਿਰੰਗੇ ਦੀ ਛਾਂ ਹੇਠ ਗੂੰਜਦੇ ਦੇਸ਼ ਭਗਤੀ ਦੇ ਨਾਅਰਿਆਂ, ਗੀਤ-ਸੰਗੀਤ ਤੇ ਬੀ. ਐੱਸ. ਐੱਫ. ਜਵਾਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਹੁਸੈਨੀਵਾਲਾ ਸਰਹੱਦ ਨੂੰ ਆਜ਼ਾਦੀ ਦਿਹਾੜੇ ਮੌਕੇ ਸੱਚਮੁੱਚ ਦੇਸ਼ ਭਗਤੀ ਦੇ ਜਜ਼ਬੇ ਨਾਲ ਸਰਾਬੋਰ ਕਰ ਦਿੱਤਾ।