ਲਛਮਣ ਨਹਿਰ ’ਚ ਫਿਰ ਪਿਆ ਵੱਡਾ ਪਾੜ, ਪੱਕਣ ’ਤੇ ਆਈ ਝੋਨੇ ਦੀ ਫ਼ਸਲ ’ਚ ਭਰਿਆ ਪਾਣੀ
ਕਿਸਾਨਾਂ ਵਲੋਂ ਨਹਿਰੀ ਵਿਭਾਗ ਦੇ ਅਧਿਕਾਰੀਆਂ ’ਤੇ ਸਮੇਂ ਸਿਰ ਲੋੜੀਂਦੀ ਮੁਰੰਮਤ ਨਾ ਕਰਨ ਦੇ ਦੋਸ਼
ਮਮਦੋਟ, 21 ਅਗਸਤ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਫ਼ਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਇਲਾਕੇ ਦੇ ਸਰਹੱਦੀ ਖੇਤਰ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਦੇਣ ਵਾਲੀ ਲਛਮਣ ਨਹਿਰ ਜੋ ਪਿਛਲੇ ਮਹੀਨੇ ਪਿੰਡ ਰਾਉ ਕੇ ਹਿਠਾੜ ਕੋਲੋਂ ਟੁੱਟ ਗਈ ਸੀ ਅਤੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ ਸੀ, ਹੁਣ ਇਸ ਨਹਿਰ ਵਿਚ ਪਹਿਲਾਂ ਵਾਲੇ ਪਾੜ ਤੋਂ ਥੋੜਾ ਅੱਗੇ ਦੂਜੇ ਪਿੰਡ ਮੱਤੜ ਹਿਠਾੜ ਦੇ ਏਰੀਏ ਵਿਚ ਕੋਈ 20-25 ਫੁੱਟ ਚੌੜਾ ਪਾੜ ਪੈ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀ ਨਿਸਾਰੇ ’ਤੇ ਆਈ ਝੋਨੇ ਦੀ ਫ਼ਸਲ ਵਿਚ ਪਾਣੀ ਭਰ ਗਿਆ ਹੈ ਅਤੇ ਪਸ਼ੂਆਂ ਲਈ ਕਾਸ਼ਤ ਕੀਤਾ ਹਰਾ ਚਾਰਾ ਅਤੇ ਸਬਜ਼ੀਆਂ ਪਾਣੀ ਕਾਰਨ ਖ਼ਰਾਬ ਹੋ ਗਈਆਂ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਨਹਿਰ ਦੀ ਚੰਗੀ ਤਰ੍ਹਾਂ ਸਫ਼ਾਈ ਨਹੀ ਕਰਵਾਈ ਗਈ ਅਤੇ ਨਾ ਹੀ ਨਹਿਰ ਦਾ ਨਿਰੀਖਣ ਕਰਕੇ ਕਮਜ਼ੋਰ ਥਾਵਾਂ ਤੋਂ ਕਿਨਾਰਿਆਂ ਨੂੰ ਮੁਰੰਮਤ ਕੀਤਾ ਗਿਆ ਹੈ, ਜਿਸ ਕਾਰਨ ਜਦੋਂ ਮੀਂਹ ਪੈਦਾ ਹੈ, ਨਹਿਰ ਕਿਤੋਂ ਨਾ ਕਿਤੋਂ ਟੁੱਟ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਰਹੀ ਹੈ।
ਮਮਦੋਟ, 21 ਅਗਸਤ (ਰਾਜਿੰਦਰ ਸਿੰਘ ਹਾਂਡਾ,ਸੁਖਦੇਵ ਸਿੰਘ ਸੰਗਮ)-ਫ਼ਿਰੋਜਪੁਰ ਜ਼ਿਲ੍ਹੇ ਦੇ ਮਮਦੋਟ ਇਲਾਕੇ ਦੇ ਸਰਹੱਦੀ ਖੇਤਰ ਨੂੰ ਸਿੰਚਾਈ ਲਈ ਪਾਣੀ ਦੀ ਸਪਲਾਈ ਦੇਣ ਵਾਲੀ ਲਛਮਣ ਨਹਿਰ ਜੋ ਪਿਛਲੇ ਮਹੀਨੇ ਪਿੰਡ ਰਾਉ ਕੇ ਹਿਠਾੜ ਕੋਲੋਂ ਟੁੱਟ ਗਈ ਸੀ ਅਤੇ ਸੈਂਕੜੇ ਏਕੜ ਝੋਨੇ ਦੀ ਫ਼ਸਲ ਬਰਬਾਦ ਕਰ ਦਿੱਤੀ ਸੀ, ਹੁਣ ਇਸ ਨਹਿਰ ਵਿਚ ਪਹਿਲਾਂ ਵਾਲੇ ਪਾੜ ਤੋਂ ਥੋੜਾ ਅੱਗੇ ਦੂਜੇ ਪਿੰਡ ਮੱਤੜ ਹਿਠਾੜ ਦੇ ਏਰੀਏ ਵਿਚ ਕੋਈ 20-25 ਫੁੱਟ ਚੌੜਾ ਪਾੜ ਪੈ ਗਿਆ ਹੈ, ਜਿਸ ਕਾਰਨ ਕਿਸਾਨਾਂ ਦੀ ਨਿਸਾਰੇ ’ਤੇ ਆਈ ਝੋਨੇ ਦੀ ਫ਼ਸਲ ਵਿਚ ਪਾਣੀ ਭਰ ਗਿਆ ਹੈ ਅਤੇ ਪਸ਼ੂਆਂ ਲਈ ਕਾਸ਼ਤ ਕੀਤਾ ਹਰਾ ਚਾਰਾ ਅਤੇ ਸਬਜ਼ੀਆਂ ਪਾਣੀ ਕਾਰਨ ਖ਼ਰਾਬ ਹੋ ਗਈਆਂ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਨਹਿਰ ਦੀ ਚੰਗੀ ਤਰ੍ਹਾਂ ਸਫ਼ਾਈ ਨਹੀ ਕਰਵਾਈ ਗਈ ਅਤੇ ਨਾ ਹੀ ਨਹਿਰ ਦਾ ਨਿਰੀਖਣ ਕਰਕੇ ਕਮਜ਼ੋਰ ਥਾਵਾਂ ਤੋਂ ਕਿਨਾਰਿਆਂ ਨੂੰ ਮੁਰੰਮਤ ਕੀਤਾ ਗਿਆ ਹੈ, ਜਿਸ ਕਾਰਨ ਜਦੋਂ ਮੀਂਹ ਪੈਦਾ ਹੈ, ਨਹਿਰ ਕਿਤੋਂ ਨਾ ਕਿਤੋਂ ਟੁੱਟ ਕੇ ਕਿਸਾਨਾਂ ਦਾ ਭਾਰੀ ਨੁਕਸਾਨ ਕਰ ਰਹੀ ਹੈ। ਕਿਸਾਨਾਂ ਨੇ ਦੱਸਿਆਂ ਕਿ ਜਦੋਂ ਨਹਿਰ ਵਿਚ ਪਾੜ ਪਿਆ, ਉਸ ਵਕਤ ਹੀ ਨਹਿਰੀ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ,ਪਰੰਤੂ ਕਾਫੀ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਇਸ ਪਾੜ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਨਹੀ ਹੋਇਆ। ਉਧਰ ਨਹਿਰ ਵਿਚ ਪਏ ਪਾੜ ਸਬੰਧੀ ਨਹਿਰੀ ਵਿਭਾਗ ਦੇ ਸਬੰਧਿਤ ਜੇ.ਈ.ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆਂ ਕਿ ਮੀਂਹ ਦੌਰਾਨ ਨਹਿਰ ਦੇ ਸ਼ੁਰੂਆਤੀ ਹਿੱਸੇ ਵਾਲੇ ਕਿਸਾਨਾਂ ਵਲੋਂ ਮੋਘੇ ਬੰਦ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਨਹਿਰ ਦੇ ਪਿਛਲੇ ਹਿੱਸੇ ਵਿਚ ਪਾਣੀ ਵਧਣ ਕਾਰਨ ਪਾੜ ਪਿਆ ਹੈ। ਉਨ੍ਹਾਂ ਦੱਸਿਆਂ ਕਿ ਨਹਿਰ ਵਿਚ ਪਿੱਛੋਂ ਪਾਣੀ ਬੰਦ ਕਰ ਦਿੱਤਾ ਗਿਆ ਹੈ ਅਤੇ ਵਿਭਾਗ ਵਲੋਂ ਮਜ਼ਦੂਰ ਲਗਾ ਕੇ ਮਿੱਟੀ ਦੇ ਗੱਟੇ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆਂ ਕਿ ਜਿਸ ਜਗਾਹ ਪਾੜ ਪਿਆ ਹੈ, ਉੱਥੇ ਮਿੱਟੀ ਦੇ ਗੱਟੇ ਲਿਜਾਉਣ ਲਈ ਰਸਤਾ ਨਹੀ ਹੈ,ਵਿਭਾਗ ਵਲੋਂ ਜੇ.ਸੀ.ਬੀ.ਮਸ਼ੀਨ ਦੀ ਮਦਦ ਨਾਲ ਰਸਤਾ ਬਣਾਇਆ ਜਾ ਰਿਹਾ ਹੈ,ਜਿਵੇਂ ਹੀ ਰਸਤਾ ਬਣ ਗਿਆ, ਮਿੱਟੀ ਦੇ ਗੱਟੇ ਲਗਾ ਕੇ ਪਾੜ ਨੂੰ ਬੰਦ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਉਧਰ ਕਿਸਾਨਾਂ ਨੇ ਖ਼ਰਾਬ ਹੋਈਆਂ ਫ਼ਸਲਾਂ ਲਈ ਨਹਿਰੀ ਵਿਭਾਗ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।