ਸੜਕ ਹਾਦਸੇ ’ਚ ਪਤੀ-ਪਤਨੀ ਅਤੇ 6 ਸਾਲਾ ਧੀ ਦੀ ਮੌਤ
ਲੁਧਿਆਣਾ ਦੇ ਪਿੰਡ ਭਾਮੀਆਂ ਨਾਲ ਸੰਬੰਧਿਤ ਹੈ ਪਰਿਵਾਰ
ਫਿਲੌਰ, 21 ਅਗਸਤ (ਵਿਪਨ ਗੈਰੀ)-ਪਿੰਡ ਹਰੀਪੁਰ ਖ਼ਾਲਸਾ ਅਤੇ ਪ੍ਰਤਾਬਪੁਰਾ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਐਕਟੀਵਾ ਸਵਾਰ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਵਿਨੇ ਕੁਮਾਰ, ਉਸ ਦੀ ਪਤਨੀ ਸੁਮਨ ਤੇ ਉਨ੍ਹਾਂ ਦੀ 6 ਸਾਲਾ ਧੀ ਕਵਿਸਾ ਵਾਸੀ ਪਿੰਡ ਭਾਮੀਆਂ, ਲੁਧਿਆਣਾ ਵਜੋਂ ਹੋਈ ਹੈ।
ਫਿਲੌਰ, 21 ਅਗਸਤ (ਵਿਪਨ ਗੈਰੀ)-ਪਿੰਡ ਹਰੀਪੁਰ ਖ਼ਾਲਸਾ ਅਤੇ ਪ੍ਰਤਾਬਪੁਰਾ ਵਿਚਕਾਰ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਐਕਟੀਵਾ ਸਵਾਰ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਹੈ। ਮ੍ਰਿਤਕਾਂ ਦੀ ਪਛਾਣ ਵਿਨੇ ਕੁਮਾਰ, ਉਸ ਦੀ ਪਤਨੀ ਸੁਮਨ ਤੇ ਉਨ੍ਹਾਂ ਦੀ 6 ਸਾਲਾ ਧੀ ਕਵਿਸਾ ਵਾਸੀ ਪਿੰਡ ਭਾਮੀਆਂ, ਲੁਧਿਆਣਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਵਿਨੇ ਕੁਮਾਰ ਆਪਣੀ ਪਤਨੀ ਅਤੇ 6 ਸਾਲਾ ਧੀ ਸਮੇਤ ਐਕਟੀਵਾ ’ਤੇ ਸਵਾਰ ਹੋ ਕੇ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਮੋਟਰਸਾਈਕਲਾਂ ’ਤੇ ਨਕੋਦਰ ਵਿਖੇ ਇਕ ਧਾਰਮਿਕ ਸਥਾਨ ਤੋਂ ਮੱਥਾ ਟੇਕਣ ਲਈ ਗਿਆ ਸੀ। ਮੱਥਾ ਟੇਕਣ ਉਪਰੰਤ ਉਹ ਵਾਪਸ ਆਪਣੇ ਘਰ ਲੁਧਿਆਣਾ ਵੱਲ ਪਰਤ ਰਹੇ ਸਨ। ਜਦੋਂ ਉਹ ਪਿੰਡ ਹਰੀਪੁਰ ਖ਼ਾਲਸਾ ਅਤੇ ਪਰਤਾਪਰੇ ਦੇ ਵਿਚਕਾਰ ਪਹੁੰਚੇ ਤਾਂ ਉਨ੍ਹਾਂ ਦੀ ਐਕਟੀਵਾ ਦੀ ਇਕ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ।ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਵਿਨੇ ਕੁਮਾਰ ਦੀ ਪਤਨੀ ਸੁਮਨ ਤੇ 6 ਸਾਲਾ ਧੀ ਕਵਿਸਾ ਨੂੰ ਮ੍ਰਿਤਕ ਐਲਾਨ ਦਿੱਤਾ। ਵਿਨੇ ਕੁਮਾਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੱਗੇ ਇਲਾਜ ਲਈ ਰੈਫਰ ਕੀਤਾ ਗਿਆ ਪਰ ਰਸਤੇ ਵਿਚ ਉਸ ਦੀ ਵੀ ਮੌਤ ਹੋ ਗਈ।ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਕਾਰ ਸਵਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਨੂਰਮਹਿਲ ਵਾਲੇ ਪਾਸੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਐਕਟੀਵਾ ਸਵਾਰਾਂ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸਾ ਕਿਵੇਂ ਵਾਪਰਿਆ, ਇਸ ਬਾਰੇ ਉਸ ਨੇ ਕਿਹਾ ਕਿ ਇਸ ਸੰਬੰਧੀ ਉਸ ਨੂੰ ਪੂਰੀ ਜਾਣਕਾਰੀ ਨਹੀਂ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਿਸ ਮੌਕੇ ’ਤੇ ਪਹੁੰਚੀ। ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।