ਜ਼ੋਨ ਪੱਧਰੀ ਫੁੱਟਬਾਲ ਮੁਕਾਬਲਿਆਂ ’ਚ ਜੀਵਨ ਮੱਲ ਸਕੂਲ ਜ਼ੀਰਾ ਦੀਆਂ ਟੀਮਾਂ ਨੇ ਮਾਰੀ ਬਾਜ਼ੀ
ਖੋਸਾ ਦਲ ਸਿੰਘ, 22 ਅਗਸਤ (ਮਨਪ੍ਰੀਤ ਸਿੰਘ ਸੰਧੂ)-ਪੰਜਾਬ ਦੇ ਜ਼ੋਨ ਪੱਧਰੀ ਫੁੱਟਬਾਲ ਅੰਡਰ-17 ਅਤੇ ਅੰਡਰ-19 ਮੁਕਾਬਲੇ ਐੱਸ. ਐੱਸ.
ਖੋਸਾ ਦਲ ਸਿੰਘ, 22 ਅਗਸਤ (ਮਨਪ੍ਰੀਤ ਸਿੰਘ ਸੰਧੂ)-ਪੰਜਾਬ ਦੇ ਜ਼ੋਨ ਪੱਧਰੀ ਫੁੱਟਬਾਲ ਅੰਡਰ-17 ਅਤੇ ਅੰਡਰ-19 ਮੁਕਾਬਲੇ ਐੱਸ.ਐੱਸ.ਐੱਮ. ਗਰੁੱਪ ਆਫ਼ ਸਕੂਲਜ਼ ਕੱਸੋਆਣਾ ਦੇ ਹਰੇ-ਭਰੇ ਅਤੇ ਖ਼ੂਬਸੂਰਤ ਖੇਡ ਮੈਦਾਨਾਂ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਸਕੂਲਾਂ ਦੀਆਂ ਫੁੱਟਬਾਲ ਟੀਮਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਰਗ ਦੇ ਫੁੱਟਬਾਲ ਮੁਕਾਬਲਿਆਂ ਵਿਚ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਮੇਜ਼ਬਾਨ ਐੱਸ.ਐੱਸ.ਐੱਮ. ਪਬਲਿਕ ਸਕੂਲ ਕੱਸੋਆਣਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਜਦਕਿ ਪੈਰਾਡਾਈਜ਼ ਪਬਲਿਕ ਸਕੂਲ, ਜ਼ੀਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ-19 ਵਰਗ ਦੇ ਮੁਕਾਬਲੇ ਵਿਚ ਵੀ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਦੀ ਟੀਮ ਨੇ ਆਪਣੀ ਸ਼ਾਨਦਾਰ ਖੇਡ ਜਾਰੀ ਰੱਖਦਿਆਂ ਐੱਸ.ਐੱਸ.ਐੱਮ. ਪਬਲਿਕ ਸਕੂਲ ਕੱਸੋਆਣਾ ਦੀ ਟੀਮ ਨੂੰ ਹਰਾ ਕੇ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਮੁਕਾਬਲਿਆਂ ਦੌਰਾਨ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਐੱਸ.ਐੱਸ.ਐੱਮ. ਗਰੁੱਪ ਆਫ਼ ਸਕੂਲਜ਼ ਦੇ ਚੇਅਰਮੈਨ ਕੰਵਲਜੀਤ ਸਿੰਘ ਗਿੱਲ, ਸਕੂਲ ਕੋਚ ਸੁੰਦਰ ਸਿੰਘ, ਪ੍ਰਿੰਸੀਪਲ ਰਵਿੰਦਰ ਸਿੰਘ, ਹਰਸ਼ਵਿੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਚੇਅਰਮੈਨ ਕੰਵਲਜੀਤ ਸਿੰਘ ਗਿੱਲ ਨੇ ਵੱਖ-ਵੱਖ ਸਕੂਲਾਂ ਤੋਂ ਪਹੁੰਚੀਆਂ ਟੀਮਾਂ ਦਾ ਸਵਾਗਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।